ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਤਿੰਨ ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਸਮੇਤ 32 ਮਿਉਂਸਿਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਦੌਰ ਅੱਜ ਖ਼ਤਮ ਹੋ ਗਿਆ। ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਹਨ। ਰਿਟਰਨਿੰਗ ਅਫ਼ਸਰਾਂ ਵੱਲੋਂ ਭਲਕੇ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਤੇ 8 ਦਸੰਬਰ ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਹਨ।
ਨਿਗਮ ਤੇ ਕੌਂਸਲ ਚੋਣਾਂ ਲਈ 17 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜਿਆਂ ਦਾ ਐਲਾਨ ਉਸੇ ਦਿਨ ਸ਼ਾਮ ਨੂੰ ਕੀਤਾ ਜਾਵੇਗਾ। ਇੰਜ, ਉਮੀਦਵਾਰਾਂ ਕੋਲ ਪ੍ਰਚਾਰ ਲਈ ਹਫ਼ਤੇ ਹੀ ਬਚੇਗਾ।
ਨਿਗਮ ਚੋਣਾਂ ਦੌਰਾਨ ਤਾਂ ਭਾਵੇਂ ਸਿਆਸੀ ਪਾਰਟੀਆਂ ਦਰਮਿਆਨ ਟਕਰਾਅ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਪਰ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਤੇ ਅਕਾਲੀਆਂ ਦਰਮਿਆਨ ਕਈ ਥਾਈਂ ਟਕਰਾਅ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਵੀ ਮਿਲੀਆਂ ਹਨ। ਪੰਜਾਬ ਦੀਆਂ ਇਨ੍ਹਾਂ ਸ਼ਹਿਰੀ ਖੇਤਰ ਦੀਆਂ ਸੰਸਥਾਵਾਂ ’ਚ ਪਹਿਲੀ ਵਾਰੀ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ ਤੇ ਇਸ ਵਾਰ ਔਰਤਾਂ ਦੀ ਨੁਮਾਇੰਦਗੀ ਵਧ ਜਾਵੇਗੀ। ਇਸ ਤੋਂ ਪਹਿਲਾਂ ਤਕਰੀਬਨ ਸਾਰੇ ਹੀ ਸ਼ਹਿਰਾਂ ਦੀਆਂ ਸੰਸਥਾਵਾਂ ’ਤੇ ਅਕਾਲੀ-ਭਾਜਪਾ ਗੱਠਜੋੜ ਦਾ ਕਬਜ਼ਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਵੀ ਇਹ ਚੋਣਾਂ ਵੱਡਾ ਇਮਤਿਹਾਨ ਹਨ ਕਿਉਂਕਿ ਇਹ ਪਾਰਟੀ ਸਥਾਨਕ ਪੱਧਰ ਦੀਆਂ ਚੋਣਾਂ ’ਚ ਪਹਿਲੀ ਵਾਰੀ ਉਮੀਦਵਾਰ ਖੜ੍ਹੇ ਕਰ ਰਹੀ ਹੈ। ਕਾਂਗਰਸ ਦੀ ਸਰਕਾਰ ਦੇ ਗਠਨ ਤੋਂ ਬਾਅਦ ਸ਼ਹਿਰੀ ਖੇਤਰ ਦੀਆਂ ਚੋਣਾਂ ਕੈਪਟਨ ਸਰਕਾਰ ਲਈ ਪਹਿਲੀ ਪ੍ਰੀਖਿਆ ਹਨ। ਜਿਨ੍ਹਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਵੋਟਾਂ ਪੈਣਗੀਆ, ਉਨ੍ਹਾਂ ਵਿੱਚ ਰਾਜਾਸਾਂਸੀ (ਅੰਮ੍ਰਿਤਸਰ), ਹੰਡਿਆਇਆ (ਬਰਨਾਲਾ), ਅਮਲੋਹ (ਫ਼ਤਹਿਗੜ੍ਹ ਸਾਹਿਬ), ਮੱਲ੍ਹਾਂਵਾਲਾ ਖਾਸ ਅਤੇ ਮੱਖੂ (ਫਿਰੋਜ਼ਪੁਰ), ਭੋਗਪੁਰ, ਸ਼ਾਹਕੋਟ, ਗੁਰਾਇਆ ਅਤੇ ਬਿਲਗਾ (ਜਲੰਧਰ), ਢਿੱਲਵਾਂ, ਬੇਗੋਵਾਲ ਅਤੇ ਭੁਲੱਥ (ਕਪੂਰਥਲਾ), ਮਾਛੀਵਾੜਾ, ਮੁੱਲਾਂਪੁਰ ਦਾਖਾ, ਮਲੌਦ ਅਤੇ ਸਾਹਨੇਵਾਲ (ਲੁਧਿਆਣਾ), ਬਾਘਾਪੁਰਾਣਾ, ਧਰਮਕੋਟ ਅਤੇ ਪੰਜਤੂਰ (ਮੋਗਾ), ਬਰੀਵਾਲਾ (ਮੁਕਤਸਰ), ਘੱਗਾ ਅਤੇ ਘਨੌਰ (ਪਟਿਆਲਾ) ਨਰੋਟ ਜੈਮਲ ਸਿੰਘ (ਪਠਾਨਕੋਟ), ਦਿੜ੍ਹਬਾ, ਚੀਮਾ, ਘਨੌਰੀ ਅਤੇ ਮੂਣਕ (ਸੰਗਰੂਰ), ਖੇਮਕਰਨ (ਤਰਨ ਤਾਰਨ), ਭੀਖੀ (ਮਾਨਸਾ), ਬਲਾਚੌਰ (ਐਸ.ਬੀ.ਐਸ. ਨਗਰ), ਤਲਵੰਡੀ ਸਾਬੋ (ਬਠਿੰਡਾ) ਅਤੇ ਮਾਹਿਲਪੁਰ (ਹੁਸ਼ਿਆਰਪੁਰ) ਸ਼ਾਮਲ ਹਨ।
ਪਹਿਲੀ ਵਾਰ ਮਿਲੇਗੀ ‘ਨੋਟਾ’ ਦੀ ਸੁਵਿਧਾ
ਨਿਗਮ ਤੇ ਮਿਉਂਸਿਪਲ ਚੋਣਾਂ ਦੌਰਾਨ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਵਾਰ ਵੋਟਰਾਂ ਨੂੰ ਪਹਿਲੀ ਵਾਰ ‘ਨੋਟਾ’ ਦੇ ਬਟਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ।