ਪਟਿਆਲਾ, 13 ਦਸੰਬਰ
ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਪਟਿਆਲਾ ਦੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਾਹੀ ਸ਼ਹਿਰ ਵਿੱਚ ਨਿਗਮ ਚੋਣਾਂ ਪੁਰਅਮਨ ਤੇ ਕਾਇਦੇ-ਕਾਨੂੰਨ ਹੇਠ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਹੈ| ਡਾ. ਐੱਸ. ਭੂਪਤੀ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਕੇਂਦਰੀ ਰਾਜ ਮੰਤਰੀ ਨੇ ਗਿਲਾ ਕੀਤਾ ਕਿ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਪੰਜਾਬ ਭਾਜਪਾ ਦੇ ਪ੍ਰਧਾਨ ਨਿਗਮ ਚੋਣਾਂ ਲਈ ਗੱਠਜੋੜ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਦੇਰ ਸ਼ਾਮ ਪਟਿਆਲਾ ਪੁੱਜੇ। ਉਨ੍ਹਾਂ ਜ਼ਿਲ੍ਹੇ ਦੀ ਭਾਜਪਾ ਤੇ ਅਕਾਲੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ| ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਦੌਰਾਨ ਗੱਠਜੋੜ ਆਗੂਆਂ ਤੇ ਉਮੀਦਵਾਰਾਂ ਨੇ ਪੁਲੀਸ ਵੱਲੋਂ ਕਥਿਤ ਧਮਕੀਆਂ ਮਿਲਣ ਦਾ ਮਾਮਲਾ ਉਠਾਇਆ| ਇਸ ਮਗਰੋਂ ਸ੍ਰੀ ਸਾਂਪਲਾ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਫੋਨ ਕਰ ਕੇ ਤਾੜਨਾ ਵਾਲੇ ਲਹਿਜ਼ੇ ਵਿੱਚ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ’ਤੇ ਜ਼ੋਰ ਦਿੱਤਾ| ਸ੍ਰੀ ਸਾਂਪਲਾ ਨੇ ਮੀਡੀਆ ਨੂੰ ਦੱਸਿਆ ਕਿ ਸ੍ਰੀ ਭੂਪਤੀ ਨੇ ਨਿਰਪੱਖ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ| ਇਸ ਮਗਰੋਂ ਸ਼ਹਿਰ ਵਿੱਚ ਵੱਖ ਵੱਖ ਉਮੀਦਵਾਰਾਂ ਦੀਆਂ ਚੋਣ ਰੈਲੀਆਂ ਦੌਰਾਨ ਸ੍ਰੀ ਸਾਂਪਲਾ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਇਹ ਸਰਕਾਰ, ਮੋਦੀ ਸਰਕਾਰ ਵੱਲੋਂ ਵਿੱਢੀਆਂ ਸਕੀਮਾਂ ਨੂੰ ਵੀ ਠੱਪ ਕਰ ਰਹੀ ਹੈ| ਉਨ੍ਹਾਂ ਗੱਠਜੋੜ ਉਮੀਦਵਾਰਾਂ ਤੇ ਵਰਕਰਾਂ ਨੂੰ ਚੋਣ ਪਿੜ ਵਿੱਚ ਬੇਖੌਫ਼ ਹੋ ਕੇ ਵਿਚਰਨ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ, ਮਦਨ ਮੋਹਨ ਮਿੱਤਲ, ਗੁਰਤੇਜ ਸਿੰਘ ਢਿੱਲੋਂ, ਹਰਜੀਤ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਐਸ.ਕੇ.ਦੇਵ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਨਰਦੇਵ ਸਿੰਘ ਆਕੜੀ ਸਮੇਤ ਗੱਠਜੋੜ ਦੇ ਹੋਰ ਆਗੂ ਸ਼ਾਮਲ ਸਨ|
ਅਮਲੋਹ : ਨਗਰ ਕੌਂਸਲ ਅਮਲੋਹ ਦੀ ਚੋਣ ਲੜ ਰਹੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਪੁੱਜੇ ਵਿਜੇ ਸਾਂਪਲਾ ਨੇ ਸ਼ਹਿਰ ਵਿੱਚ 3 ਥਾਵਾਂ ’ਤੇ ਉਮੀਦਵਾਰਾਂ ਦੇ ਹੱਕ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮਨਮਾਨੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜਿਹੜੇ ਅਫ਼ਸਰ ਕਾਂਗਰਸ ਦੀ ‘ਬੀ’ ਟੀਮ ਬਣ ਕੇ ਕੰਮ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਮੁੱਲਾਂਪੁਰ ਦਾਖਾ : ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਭਾਜਪਾ ਦੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੀਤ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ, ਕੇਂਦਰ ਸਰਕਾਰ ਕੋਲੋਂ ਬੱਚਿਆਂ ਦੇ ਵਜ਼ੀਫ਼ੇ ਲਈ 115 ਕਰੋੜ ਰੁਪਏ ਲੈ ਚੁੱਕੀ ਹੈ, ਪਰ ਅਜੇ ਤੱਕ ਕਿਸੇ ਵੀ ਕਾਲਜ ਜਾਂ ਸਕੂਲ ਦੇ ਵਿਦਿਆਰਥੀ ਨੂੰ ਧੇਲਾ ਨਸੀਬ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਕਾਂਗਰਸ ਨੂੰ ਕੋਸ ਰਿਹਾ ਹੈ।