ਕ੍ਰਾਈਸਟਚਰਚ)— ਨਿਊਜ਼ੀਲੈਂਡ ਨੇ ਮੀਂਹ ਨਾਲ ਪ੍ਰਭਾਵਿਤ ਤੀਜੇ ਅਤੇ ਅੰਤਿਮ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ‘ਚ ਅੱਜ ਇੱਥੇ ਵੈਸਟਇੰਡੀਜ਼ ਨੂੰ ਡਕਰਵਰਥ ਲੁਈਸ ਸਿਸਟਮ ਦੇ ਆਧਾਰ ‘ਤੇ 66 ਦੌੜਾਂ ਨਾਲ ਹਰਾ ਕੇ ਲੜੀ ‘ਚ 3-0 ਨਾਲ ਕਲੀਨਸਵੀਪ ਕੀਤਾ। ਮੀਂਹ ਕਾਰਨ ਮੈਚ ਨੂੰ 23 ਓਵਰ ਦਾ ਕਰ ਦਿੱਤਾ ਗਿਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ‘ਤੇ 131 ਦੌੜਾਂ ਬਣਾਈਆਂ ਜਿਸ ਨਾਲ ਵੈਸਟਇੰਡੀਜ਼ ਨੂੰ ਡਕਵਰਥ ਲੁਈਸ ਸਿਸਟਮ ਦੇ ਤਹਿਤ 166 ਦੌੜਾਂ ਦਾ ਸੋਧਿਆ ਹੋਇਆ ਟੀਚਾ ਮਿਲਿਆ।

ਵੈਸਟਇੰਡੀਜ਼ ਨੇ ਇਸ ਦੇ ਜਵਾਬ ‘ਚ 9 ਦੌੜਾਂ ‘ਤੇ ਹੀ ਪੰਜ ਵਿਕਟ ਗੁਆ ਦਿੱਤੇ ਸਨ ਅਤੇ ਟੀਮ ਨਿਰਧਾਰਤ ਓਵਰਾਂ ‘ਚ 99 ਦੌੜਾਂ ਹੀ ਬਣਾ ਸਕੀ। ਟੀਮ ‘ਤੇ ਹਾਲਾਂਕਿ ਇਕ ਸਮੇਂ ਜ਼ਿੰਬਾਬਵੇ ਦੇ ਇਕ ਰੋਜ਼ਾ ਕੌਮਾਂਤਰੀ ਮੈਚਾਂ ‘ਚ ਸਭ ਤੋਂ ਘੱਟ 35 ਦੌੜਾਂ ਦੇ ਸਕੋਰ ‘ਤੇ ਸਿਮਟਨ ਦਾ ਖਤਰਾ ਮੰਡਰਾ ਰਿਹਾ ਸੀ। ਵੈਸਟਇੰਡੀਜ਼ ਵੱਲੋਂ ਕਪਤਾਨ ਜੇਸਨ ਹੋਲਡਰ ਨੇ 21 ਗੇਂਦਾਂ ‘ਚ ਸਭ ਤੋਂ ਜ਼ਿਆਦਾ 34 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਟ੍ਰੇਂਟ ਬੋਲਟ ਅਤੇ ਮਿਸ਼ੇਲ ਸੈਂਟਨਰ ਨੇ ਕ੍ਰਮਵਾਰ 18 ਅਤੇ 15 ਦੌੜਾਂ ਦੇ ਕੇ ਤਿੰਨ-ਤਿੰਨ ਜਦਕਿ ਮੈਟ ਹੈਨਰੀ ਨੇ 2 ਵਿਕਟਾਂ ਝਟਕਾਈਆਂ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲੇ ਬਾਲੇਬਾਜ਼ੀ ਦਾ ਫੈਸਲਾ ਕੀਤਾ। ਟੀਮ ਨੇ ਜਦੋਂ 19 ਓਵਰਾਂ ‘ਚ ਤਿੰਨ ਵਿਕਟ ‘ਤੇ 83 ਦੌੜਾਂ ਬਣਾਈਆਂ ਸਨ ਤੱਦ ਮੀਂਹ ਕਾਰਨ ਖੇਡ ਰੋਕਣਾ ਪਿਆ। ਦੁਬਾਰਾ ਖੇਡ ਸ਼ੁਰੂ ਹੋਣ ‘ਤੇ ਨਿਊਜ਼ੀਲੈਂਡ ਨੂੰ ਚਾਰ ਹੋਰ ਓਵਰ ਖੇਡਣ ਨੂੰ ਮਿਲੇ ਜਿਸ ‘ਚ ਟੀਮ ਨੇ 48 ਦੌੜਾਂ ਜੋੜੀਆਂ। ਰੋਸ ਟੇਲਰ 47 ਦੌੜਾਂ ਬਣਾ ਕੇ ਅਜੇਤੂ ਰਹੇ ਜਦਕਿ ਟਾਮ ਲੈਥਮ ਨੇ 37 ਦੌੜਾਂ ਦੀ ਪਾਰੀ ਖੇਡੀ। ਵੈਸਟਇੰਡੀਜ਼ ਨੂੰ ਇਸ ਤੋਂ ਪਹਿਲਾਂ ਟੈਸਟ ਸੀਰੀਜ਼ ‘ਚ ਵੀ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।