ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਦੇ ਮਿਡਟਾਊਨ ਮੈਨਹਟਨ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਦਫਤਰ ਦੀ ਇਮਾਰਤ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਮਰਨ ਵਾਲਿਆਂ ਵਿੱਚ ਇੱਕ ਆਫ-ਡਿਊਟੀ ਨਿਊਯਾਰਕ ਸਿਟੀ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੈ। ਪੁਲਿਸ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਹਮਲਾਵਰ ਦੀ ਪਛਾਣ ਨੇਵਾਡਾ ਦੇ ਸ਼ੇਨ ਤਾਮੁਰਾ ਵਜੋਂ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਤਾਮੁਰਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਕੋਲੋਂ ਲਾਸ ਵੇਗਾਸ ਤੋਂ ਕੰਸੀਲਡ ਕੈਰੀ ਪਰਮਿਟ ਸਮੇਤ ਕੁਝ ਪਛਾਣ ਪੱਤਰ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਜਾਂਚ ਨਾਲ ਜੁੜੇ ਦੋ ਲੋਕਾਂ ਨੇ ਦਿੱਤੀ ਸੀ, ਪਰ ਕਿਉਂਕਿ ਮਾਮਲਾ ਅਜੇ ਵੀ ਜਾਂਚ ਅਧੀਨ ਹੈ, ਇਸ ਲਈ ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਅਜਿਹਾ ਕੀਤਾ ਹੈ।
ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਪਾਰਕ ਐਵੇਨਿਊ ‘ਤੇ ਇੱਕ ਦਫ਼ਤਰ ਦੀ ਇਮਾਰਤ ਵਿੱਚ ਸ਼ਾਮ 6:30 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ ਇਹ ਇਮਾਰਤ ਦੇਸ਼ ਦੀਆਂ ਕੁਝ ਵੱਡੀਆਂ ਵਿੱਤੀ ਕੰਪਨੀਆਂ ਅਤੇ ਨੈਸ਼ਨਲ ਫੁੱਟਬਾਲ ਲੀਗ ਦਾ ਘਰ ਹੈ। ਜੈਸਿਕਾ ਚੇਨ ਨਾਮ ਦੀ ਇੱਕ ਔਰਤ ਨੇ ਦੱਸਿਆ ਕਿ ਉਹ ਦੂਜੀ ਮੰਜ਼ਿਲ ‘ਤੇ ਦਰਜਨਾਂ ਲੋਕਾਂ ਨਾਲ ਇੱਕ ਪੇਸ਼ਕਾਰੀ ਦੇਖ ਰਹੀ ਸੀ ਜਦੋਂ ਹੇਠਾਂ ਪਹਿਲੀ ਮੰਜ਼ਿਲ ਤੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਡਰ ਕੇ, ਉਹ ਅਤੇ ਹੋਰ ਲੋਕ ਇੱਕ ਕਾਨਫਰੰਸ ਰੂਮ ਵਿੱਚ ਭੱਜ ਗਏ ਅਤੇ ਇੱਕ ਮੇਜ਼ ਨਾਲ ਦਰਵਾਜ਼ਾ ਬੰਦ ਕਰ ਦਿੱਤਾ।
ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਅਤੇ ਇਮਾਰਤ ਵਿੱਚ ਮੌਜੂਦ ਲੋਕਾਂ ਨੂੰ ਪੁਲਿਸ ਦੀ ਤਲਾਸ਼ੀ ਪੂਰੀ ਹੋਣ ਤੱਕ ਆਪਣੀ ਜਗ੍ਹਾ ‘ਤੇ ਰਹਿਣ ਦੀ ਅਪੀਲ ਕੀਤੀ। ਮੇਅਰ ਨੇ ਕਿਹਾ ਕਿ ਉਹ ਪੀੜਤਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਨੂੰ ਮਿਲਣ ਲਈ ਹਸਪਤਾਲ ਜਾ ਰਹੇ ਹਨ। ਸਥਾਨਿਕ ਟੀਵੀ ਫੁਟੇਜ ਵਿੱਚ ਲੋਕਾਂ ਨੂੰ ਹੱਥ ਖੜ੍ਹੇ ਕਰਕੇ ਇਮਾਰਤ ਤੋਂ ਬਾਹਰ ਨਿਕਲਦੇ ਦਿਖਾਇਆ ਗਿਆ ਹੈ। ਇਸ ਇਮਾਰਤ ਵਿੱਚ ਬਲੈਕਸਟੋਨ ਅਤੇ ਆਇਰਲੈਂਡ ਦੇ ਕੌਂਸਲੇਟ ਜਨਰਲ ਵਰਗੀਆਂ ਵੱਡੀਆਂ ਕੰਪਨੀਆਂ ਹਨ।