ਨਿਊਯਾਰਕ :  ਗਾਰਡਨ ਸਿਟੀ ਪਾਰਕ ਨਿਊਯਾਰਕ ਵਿੱਚ ਗੁਰੂ ਘਰ ਗਿਆਨਸਰ ਸਾਹਿਬ ਰਾਮਗੜ੍ਹੀਆ ਸਿੱਖ ਸੁਸਾਇਟੀ ਫਾਰ ਨਿਊਯਾਰਕ ਦੇ ਇਕ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਸਹਿਜ ਪਾਠ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਗਈ, ਇੱਕ ਪੰਜਾਬੀ ਔਰਤ ਪ੍ਰਭਲੀਨ ਕੋਰ (ਉਮਰ 37 ਸਾਲ) ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੈਰ-ਕਾਨੂੰਨੀ ਤੌਰ ‘ਤੇ ਆਪਣੇ ਕਬਜ਼ੇ ਵਿੱਚ ਲੈਣ ਦੇ ਦੋਸ਼ ਹੇਠ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਦੋਂ ਪੁਲਸ ਅਧਿਕਾਰੀ ਪ੍ਰਭਲੀਨ ਕੋਰ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੀ ਰਿਹਾਇਸ਼ ‘ਤੇ ਪਹੁੰਚੀ ਤਾਂ ਉਸ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਅਦ ਵਿਚ ਐਮਰਜੈਂਸੀ ਸਰਵਿਸ ਯੂਨਿਟ ਨਿਊਯਾਰਕ ਦੇ ਅਫਸਰ ਉਸ ਦੇ ਘਰ ਵਿਚ ਦਾਖ਼ਲ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਮੀਡੀਆ ਰਿਪੋਰਟਾਂ ਮੁਤਾਬਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾਪਸ ਦੇਣ ਤੋਂ ਸਿੱਧਾ ਇਨਕਾਰ ਕਰ ਦਿੱਤਾ ਗਿਆ, ਜਿਸ ਦੇ ਵਜੋਂ ਸੈਂਕੜਿਆਂ ਦੀ ਗਿਣਤੀ ਵਿੱਚ ਨਿਊਯਾਰਕ ਦੀਆਂ ਸਿੱਖ ਸੰਗਤਾਂ ਨੇ ਉਸ ਦੇ ਘਰ ਦੇ ਬਾਹਰ ਦਿਨ-ਰਾਤ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ। ਜਾਣਕਾਰੀ ਦੇ ਅਨੁਸਾਰ ਪ੍ਰਭਲੀਨ ਕੌਰ 4-5 ਹਫ਼ਤਿਆਂ ਤੋਂ ਗੁਰਦੁਆਰਾ ਗਿਆਨਸਰ ਸਾਹਿਬ ਰਾਮਗੜੀਆ ਸਿੱਖ ਸੁਸਾਇਟੀ ਫਾਰ ਨਿਊਯਾਰਕ ਵਿਖੇ ਰੋਜ਼ਾਨਾ ਸੇਵਾ ਕਰਨ ਜਾਂਦੀ ਰਹੀ ਸੀ ਅਤੇ ਇਕ ਦਿਨ ਉਸ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਗੁਲਜ਼ਾਰ ਸਿੰਘ ਨੂੰ ਆਪਣੇ ਘਰ ਵਿੱਚ ਸਹਿਜ ਪਾਠ ਰਖਵਾਉਣ ਦੀ ਗੱਲ ਕੀਤੀ, ਜਿਸ ਤੋਂ ਬਾਅਦ ਗੁਰੂ ਘਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਦੇ ਘਰ ਪਹੁੰਚਾਏ ਗਏ। ਪਰ ਜਦੋਂ ਬਾਅਦ ਵਿੱਚ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਪਸ ਗੁਰੂ ਘਰ ਲੈ ਕੇ ਜਾਣ ਲਈ ਪਹੁੰਚੇ ਤਾਂ ਪ੍ਰਭਲੀਨ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਣ ਤੋਂ ਮਨਾ ਕਰ ਦਿੱਤਾ ਸੀ।
ਇਸ ਮਾਮਲੇ ਵਿੱਚ ਨਸਾਉ ਕਾਊਂਟੀ ਦੀ ਪੁਲਸ ਵਿੱਚ ਕਮੇਟੀ ਅਤੇ ਨਿਊਯਾਰਕ ਦੀਆਂ ਸੰਗਤਾਂ ਵੱਲੋਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਮਾਨਯੋਗ ਜੱਜ ਨੇ ਪੁਲਸ ਨੂੰ ਸਰਚ ਵਾਰੰਟ ਦੇ ਕੇ ਘਰ ਵਿੱਚ ਤਲਾਸ਼ੀ ਲੈਣ ਦੀ ਇਜਾਜ਼ਤ ਦਿੱਤੀ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਅਤੇ ਹੋਰ ਅਧਿਕਾਰੀ ਗਾਰਡਨ ਸਿਟੀ ਦੀ ਵਸਨੀਕ ਪ੍ਰਭਲੀਨ ਕੌਰ ਦੇ ਘਰ ਗਏ ਪਰ ਉਸਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਪੁਲਸ ਦੀ ਐਮਰਜੈਂਸੀ ਸਰਵਿਸ ਯੂਨਿਟ ਦੇ ਅਧਿਕਾਰੀ ਪ੍ਰਭਲੀਨ ਕੌਰ ਦੇ ਘਰ ਦਾਖ਼ਲ ਹੋਏ ਅਤੇ ਬਿਨਾਂ ਕਿਸੇ ਘਟਨਾ ਦੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਸ ਦੇ ਘਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਮਦ ਕਰ ਲਏ ਅਤੇ ਸਤਿਕਾਰ ਕਮੇਟੀ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਨਾਲ ਗੁਰੂ ਘਰ ਵਿੱਚ ਬਿਰਾਜਮਾਨ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਪ੍ਰਭਲੀਨ ਕੌਰ ਨੂੰ ਦਿਮਾਗੀ ਜਾਂਚ ਲਈ ਨੇੜਲੇ ਹਸਪਤਾਲ ਵੀ ਲਿਜਾਇਆ ਗਿਆ ਸੀ। ਉਸ ‘ਤੇ ਚੌਥੇ ਦਰਜੇ ਦੀ ਵੱਡੀ ਚੋਰੀ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਆਉਂਦੇ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ, 99 ਮੈਨ ਸੈੱਟ,ਹੈਂਪਸਟੇਡ ਨਿਊਯਾਰਕ ਵਿੱਖੇ ਪੇਸ਼ ਕੀਤਾ ਜਾਵੇਗਾ।