ਅਮਰੀਕਾ ਦੇ ਪੂਰਬੀ ਤੱਟ ‘ਤੇ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜਿਸ ਤੋਂ ਬਾਅਦ ਨਿਊਯਾਰਕ ਸਿਟੀ ਅਤੇ ਨਿਊ ਜਰਸੀ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਤੂਫ਼ਾਨ ਦਾ ਪ੍ਰਭਾਵ ਨਿਊਯਾਰਕ ਤੋਂ ਵਾਸ਼ਿੰਗਟਨ ਡੀਸੀ ਤੱਕ ਦੇਖਿਆ ਗਿਆ।
ਮੌਸਮ ਵਿਭਾਗ ਦੇ ਅਨੁਸਾਰ, ਕੁਝ ਇਲਾਕਿਆਂ ਵਿੱਚ ਇੱਕ ਘੰਟੇ ਵਿੱਚ 3 ਇੰਚ (7.6 ਸੈਂਟੀਮੀਟਰ) ਤੱਕ ਮੀਂਹ ਪਿਆ, ਜਿਸ ਕਾਰਨ ਨਾਲੇ ਅਤੇ ਨਦੀਆਂ ਭਰ ਗਈਆਂ। ਨਿਊਯਾਰਕ ਵਿਚ, ਸਬਵੇ ਸਟੇਸ਼ਨਾਂ ਵਿੱਚ ਪਾਣੀ ਭਰ ਗਿਆ। ਸਟੇਸ਼ਨ ਦੀਆਂ ਕੰਧਾਂ ਵਿੱਚੋਂ ਪਾਣੀ ਰਿਸਦਾ ਦੇਖਿਆ ਗਿਆ।
ਭਾਰੀ ਮੀਂਹ ਕਾਰਨ ਪਟੜੀਆਂ ਪਾਣੀ ਵਿਚ ਡੁੱਬ ਗਈਆਂ, ਜਿਸ ਕਾਰਨ ਕਈ ਰੇਲਗੱਡੀਆਂ ਅਤੇ ਯਾਤਰੀ ਫਸ ਗਏ। ਬਚਾਅ ਟੀਮਾਂ ਨੇ ਯਾਤਰੀਆਂ ਨੂੰ ਬਚਾਇਆ। ਸੜਕਾਂ ‘ਤੇ ਪਾਣੀ ਭਰਨ ਕਾਰਨ ਕਈ ਵਾਹਨ ਡੁੱਬ ਗਏ ਅਤੇ ਐਕਸਪ੍ਰੈਸਵੇਅ ਨੂੰ ਬੰਦ ਕਰਨਾ ਪਿਆ। ਇਸ ਦੇ ਨਾਲ ਹੀ ਨਿਊ ਜਰਸੀ ਵਿਚ 14 ਹਜ਼ਾਰ ਤੋਂ ਵੱਧ ਲੋਕ 24 ਘੰਟੇ ਬਿਜਲੀ ਤੋਂ ਬਿਨਾਂ ਰਹੇ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੱਕ ਹੋਰ ਮੀਂਹ ਪੈਣ ਦੀ ਉਮੀਦ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਯਾਤਰਾ ਨਾ ਕਰਨ ਅਤੇ ਹੜ੍ਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।