ਨੇਲਸਨ, 9 ਜਨਵਰੀ
ਬੱਲੇਬਾਜ਼ ਰੋਸ ਟੇਲਰ (137) ਅਤੇ ਹੈਨਰੀ ਨਿਕੋਲਸ (ਨਾਬਾਦ 124) ਦੀਆਂ ਪਾਰੀਆਂ ਅਤੇ ਚੌਥੇ ਵਿਕਟ ਲਈ ਦੋਵਾਂ ਵਿਚਕਾਰ 154 ਦੌੜਾਂ ਦੀ ਸਾਂਝੇਦਾਰੀ ਦੇ ਦਮ ਉੱਤੇ ਨਿਊਜ਼ੀਲੈਂਡ ਨੇ ਤੀਜੇ ਇਕ ਰੋਜ਼ਾ ਮੈਚ ਵਿਚ ਮੰਗਲਵਾਰ ਨੂੰ ਇੱਥੇ ਸ੍ਰੀਲੰਕਾ ਨੂੰ 115 ਦੌੜਾਂ ਨਾਲ ਜ਼ਬਰਦਸਤ ਤਰੀਕੇ ਨਾਲ ਹਰਾ ਕੇ ਲੜੀ 3-0 ਨਾਲ ਆਪਣੇ ਨਾਂਅ ਕਰ ਲਈ ਹੈ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਨੇ 50 ਓਵਰਾਂ ਵਿਚ ਚਾਰ ਵਿਕਟਾਂ ਉਤੇ 364 ਦੌੜਾਂ ਬਣਾਈਆਂ, ਜੋ ਨੇਸਲਨ ਦੇ ਸੈਕਸਟਨ ਮੈਦਾਨ ਵਿਚ ਨਵਾਂ ਰਿਕਾਰਡ ਹੈ। ਸ੍ਰੀਲੰਕਾ ਦੀ ਟੀਮ 41.4 ਓਵਰਾਂ ਵਿਚ 249 ਦੌੜਾਂ ਉੱਤੇ ਆਊਟ ਹੋ ਗਈ। ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਨਹੀ ਰਹੀ। ਪੰਜਵੇਂ ਓਵਰ ਦੇ ਵਿਚ ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਿਟਲ ਅਤੇ ਕੋਲਿਨ ਮੁਨਰੋ ਨੇ ਆਪਣੇ ਵਿਕਟ ਗਵਾ ਦਿੱਤੇ। ਇਹ ਦੋਵੇਂ ਵਿਕਟ ਸ੍ਰੀਲੰਕਾ ਦੇ ਕਪਤਾਨ ਲਾਸ਼ਿਤ ਮਲਿੰਗਾ ਨੇ ਲਏ। ਇਸ ਤੋਂ ਬਾਅਦ ਕਪਤਾਨ ਵਿਲੀਅਮਸਨ (55) ਨੇ ਟੇਲਰ ਦੇ ਨਾਲ ਤੀਜੇ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਬਿਹਤਰ ਸਥਿਤੀ ਵਿਚ ਪਹੁੰਚਾਇਆ। ਵਿਲੀਅਮਸਨ ਦੇ ਆਊਟ ਹੋਣ ਬਾਅਦ ਟੇਲਰ ਅਤੇ ਨਿਕੋਲਸ ਨੇ ਧੂਆਂਧਾਰ ਬੱਲੇਬਾਜ਼ੀ ਕਰਕੇ ਟੀਮ ਦੇ ਸਕੋਰ ਨੂੰ 300 ਦੌੜਾਂ ਤੋਂ ਪਾਰ ਪਹੁੰਚਾਇਆ।
ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਨੂੰ ਸਲਾਮੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਦਿਵਾਈ ਪਰ ਨਿਰੋਸ਼ਨ ਡਿਕਵੇਲਾ (46) ਧਨੰਜਯ ਡਿਸਿਲਵਾ (36) ਅਤੇ ਕੁਸ਼ਲ ਪਰੇਰਾ (43) ਇਸ ਦਾ ਲਾਭ ਨਹੀ ਲੈ ਸਕੇ। ਕੁਸ਼ਲ ਪਰੇਰਾ ਬਿਨਾਂ ਸਟਰਾਈਕ ਮਿਲੇ ਹੀ ਰਨਆਊਟ ਹੋ ਗਏ। ਤਿਸਾਰਾ ਪਰੇਰਾ ਨੇ ਟੀਮ ਨੂੰ ਵਾਪਸੀ ਕਰਵਾਉਣ ਦੇ ਯਤਨ ਕੀਤੇ ਪਰ ਉਸ ਦੇ ਆਊਟ ਹੋਣ ਦੇ ਨਾਲ ਹੀ ਸ੍ਰਲੰਕਾ ਦੀ ਪਾਰੀ ਲੜਾਖੜਾ ਗਈ। ਨਿਊਜ਼ੀਲੈਂਡ ਦੀ ਤਰਫੋਂ ਲੱਕੀ ਫਰਗਿਊਸ਼ਨ ਨੇ ਚਾਰ ਅਤੇ ਈਸ਼ ਸੋਢੀ ਨੇ ਤਿੰਨ ਵਿਕਟਾਂ ਲਈਆਂ।