ਹੈਮਿਲਟਨ:ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਦੂਜੇ ਟੀ-20 ਮੈਚ ਵਿਚ ਹਰਾ ਕੇ ਲੜੀ 2-0 ਨਾਲ ਜਿੱਤ ਲਈ ਹੈ। ਟਿਮ ਸਾਊਥੀ ਦੀ ਵਧੀਆ ਗੇਂਦਬਾਜ਼ੀ ਤੇ ਕਪਤਾਨ ਵਿਲੀਅਮਸਨ ਤੇ ਟਿਮ ਸੇਫਰਟ ਦੀ ਬੱਲੇਬਾਜ਼ੀ ਕਾਰਨ ਮੇਜ਼ਬਾਨ ਟੀਮ ਨੂੰ ਜਿੱਤ ਹਾਸਲ ਹੋਈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਦੇ ਨੁਕਸਾਨ ’ਤੇ 163 ਦੌੜਾਂ ਬਣਾਈਆਂ ਜਿਸ ਵਿਚ ਮੁਹੰਮਦ ਹਫੀਜ਼ ਨੇ 57 ਗੇਂਦਾਂ ਵਿਚ ਨਾਬਾਦ 99 ਦੌੜਾਂ ਦਾ ਯੋਗਦਾਨ ਦਿੱਤਾ, ਉਸ ਨੇ ਦਸ ਚੌਕੇ ਤੇ ਪੰਜ ਛੱਕੇ ਜੜੇ। ਨਿਊਜ਼ੀਲੈਂਡ ਨੇ ਜੇਤੂ ਟੀਚਾ ਚਾਰ ਗੇਂਦਾਂ ਰਹਿੰਦਿਆਂ ਹੀ ਪੂਰਾ ਕਰ ਲਿਆ।  ਨਿਊਜ਼ੀਲੈਂਡ ਵਲੋਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ 21 ਦੌੜਾਂ ਬਣਾ ਕੇ ਆਊਟ ਹੋ ਗਿਆ ਤੇ ਸੀਫਰਟ ਤੇ ਵਿਲੀਅਮਸਨ ਨੇ ਦੂੂਜੇ ਵਿਕਟ ਲਈ 129 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਜਿੱਤ ਦਿਵਾਈ। ਸੀਫਰਟ ਨੇ ਨਾਬਾਦ 84 ਤੇ ਵਿਲੀਅਮਸਨ ਨੇ ਨਾਬਾਦ 57 ਦੌੜਾਂ ਦਾ ਯੋਗਦਾਨ ਪਾਇਆ।