ਔਕਲੈਂਡ, 3 ਮਈ
ਭਾਰਤ ਦੇ ਐੱਚ.ਐੱਸ. ਪ੍ਰਣਯ ਨੇ ਟੌਮੀ ਸੁਗਿਆਰਤੋ ਨੂੰ ਸਿੱਧੇ ਗੇਮ ਵਿੱਚ ਹਰਾ ਕੇ ਅੱਜ ਇੱਥੇ ਨਿਊਜ਼ੀਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਪਰ ਬੀ ਸਾਈ ਪ੍ਰਨੀਤ ਮਹਾਨ ਖਿਡਾਰੀ ਲਿਨ ਡੈਨ ਖ਼ਿਲਾਫ਼ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ।
ਗੈਰ ਦਰਜਾ ਪ੍ਰਾਪਤ ਪ੍ਰਣਯ ਨੇ ਦੂਜਾ ਦਰਜਾ ਪ੍ਰਾਪਤ ਸੁਗਿਆਰਤੋ ਨੂੰ ਸਿਰਫ਼ 37 ਮਿੰਟਾਂ ਵਿੱਚ 21-14, 21-12 ਨਾਲ ਹਰਾ ਕੇ ਆਖ਼ਰੀ ਅੱਠਾਂ ’ਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਜਾਪਾਨ ਦੇ ਅੱਠਵਾਂ ਦਰਜਾ ਪ੍ਰਾਪਤ ਕੇਂਤਾ ਸੁਨੇਯਾਮਾ ਨਾਲ ਹੋਵੇਗਾ। ਦੁਨੀਆਂ ਦੇ 26ਵੇਂ ਨੰਬਰ ਦੇ ਖਿਡਾਰੀ ਸੁਗਿਆਰਤੋ ਖ਼ਿਲਾਫ਼ ਇਹ ਪਹਿਲਾ ਮੈਚ ਸੀ। ਇਸ ਤੋਂ ਪਹਿਲਾਂ ਪ੍ਰਨੀਤ ਨੂੰ 12-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਾਇਨਾ ਨੇਹਵਾਲ ਵੀ ਮਹਿਲਾ ਸਿੰਗਲਜ਼ ’ਚ ਦੁਨੀਆਂ ਦੀ 212ਵੇਂ ਨੰਬਰ ਦੀ ਖਿਡਾਰਨ ਚੀਨ ਦੀ ਵਾਂਗ ਝਿਯੀ ਖ਼ਿਲਾਫ਼ ਮੈਚ ਵਿੱਚ ਉਲਟਫੇਰ ਦਾ ਸ਼ਿਕਾਰ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਲਿਨ ਡੈਨ ਨੇ ਇਸ ਜਿੱਤ ਨਾਲ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਸਿਖ਼ਰਲਾ ਦਰਜਾ ਪ੍ਰਾਪਤ ਐਂਥਨੀ ਸਿਨੀਸੁਕਾ ਨਾਲ ਹੋਵੇਗਾ। ਮਨੂੰ ਅੱਤਰੀ ਤੇ ਸੁਮਿਤ ਬੀ ਰੈਡੀ ਦੀ ਪੁਰਸ਼ ਡਬਲਜ਼ ਜੋੜੀ ਨੂੰ ਵੀ ਦੂਜੇ ਗੇੜ ’ਚ ਗੋਹ ਵੀ ਸ਼ੈਮ ਤੇ ਟੈਨ ਵੀ ਕਿਓਂਗ ਦੀ ਸੱਤਵਾਂ ਦਰਜਾ ਜੋੜੀ ਖ਼ਿਲਾਫ਼ 17-21, 19-21 ਨਾਲ ਹਾਰ ਝੱਲਣੀ ਪਈ।