ਜਲੰਧਰ, 12 ਅਗਸਤ
ਪਿੰਡ ਖੀਵਾ ਦੇ ਵਸਨੀਕ ਦੋ ਸਕੇ ਭਰਾਵਾਂ ਦਾ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿੱਚ ਕਥਿਤ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਵਰੁਨ ਤੇ ਕੁਨਾਲ ਵਜੋਂ ਹੋਈ ਹੈ ਜੋ ਉਥੇ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ। ਉਨ੍ਹਾਂ ਦੇ ਮਾਮੇ ਲੋਕੇਸ਼ ਨੇ ਦੱਸਿਆ ਕਿ ਨਕੋਦਰ ਇਲਾਕੇ ਦੇ ਰਹਿਣ ਵਾਲੇ ਗੌਰਵ ਗਿੱਲ ਨੇ ਪੈਸਿਆਂ ਪਿੱਛੇ ਉਸ ਦੇ ਭਾਣਜਿਆਂ ਨੂੰ ਮਿਲਣ ਲਈ ਬੁਲਾਇਆ ਸੀ, ਜਦੋਂ ਦੋਵੇਂ ਭਰਾਵਾਂ ਨੇ ਗਿੱਲ ਨੂੰ ਮਿਲਣ ਲਈ ਨਕੋਦਰ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਨਾਲਾਗੜ੍ਹ-ਰਾਮਸ਼ਹਿਰ ਰੋਡ ’ਤੇ ਸੱਦਿਆ ਗਿਆ ਜਿੱਥੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਵਰੁਨ ਤੇ ਕੁਨਾਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲੀਸ ਨੂੰ ਦੋਵੇਂ ਭਰਾ ਜ਼ਖਮੀ ਹਾਲਤ ਵਿਚ ਸੜਕ ’ਤੇ ਪਏ ਮਿਲੇ ਅਤੇ ਪੁਲੀਸ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਤਾ ਲੱਗਾ ਹੈ ਕਿ ਹਮਲਾਵਰਾਂ ਨੇ ਦੋਵਾਂ ਭਰਾਵਾਂ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਦੀ ਰੇਕੀ ਵੀ ਕੀਤੀ ਸੀ ਤੇ ਨਾਲਾਗੜ੍ਹ-ਰਾਮਸ਼ਹਿਰ ਸੜਕ ’ਤੇ ਸਥਿਤ ਪ੍ਰੀਤ ਕਲੋਨੀ ਦੇ ਨੇੜੇ ਦੋਵਾਂ ਭਰਾਵਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।