ਕਠਮੰਡੂ, 28 ਜੁਲਾਈ
ਨਾਰਵੇ ਦੀ ਵਸਨੀਕ ਕ੍ਰਿਸਟੀਨ ਹਰੀਲਾ (37) ਤੇ ਉਸ ਦਾ ਗਾਈਡ ਨੇਪਾਲ ਵਾਸੀ ਸ਼ੇਰਪਾ ਤੈਨਜਿਨ ਲਾਮਾ (35) ਅੱਜ ਵਿਸ਼ਵ ਦੇ ਦੂਜੇ ਸਭ ਤੋਂ ਉੱਚੇ ਪਰਬਤ ਮਾਊਂਟ ਕੇ2 ’ਤੇ ਚੜ੍ਹੇ। ਇਹ ਪਰਬਤ ਪਾਕਿਸਤਾਨ ’ਚ ਸਥਿਤ ਹੈ। ਦੋਹਾਂ ਨੇ ਵਿਸ਼ਵ ਦੀਆਂ 14 ਸਿਖਰਲੀਆਂ ਚੋਟੀਆਂ ਨੂੰ ਸਭ ਤੋਂ ਘੱਟ ਸਮੇਂ ਤਿੰਨ ਮਹੀਨਿਆਂ ’ਚ ਫਤਹਿ ਕਰ ਕਰਕੇ ਰਿਕਾਰਡ ਸਿਰਜ ਦਿੱਤਾ ਹੈ। ਇਹ ਚੋਟੀਆਂ 8 ਹਜ਼ਾਰ ਮੀਟਰ (26,246 ਫੁੱਟ) ਤੋਂ ਵੱਧ ਉਚਾਈ ਵਾਲੀਆਂ ਹਨ। ਇਹ ਜਾਣਕਾਰੀ ਨੇਪਾਲ ਦੀ ਕੰਪਨੀ ਸੈਵਨ ਸਮਿਟ ਟਰੈਕਸ (ਐੱਸਐੱਸਟੀ) ਦੇ ਐੱਮਡੀ ਤਾਸ਼ੀ ਲਕਪਾ ਸ਼ੇਰਪਾ ਨੇ ਦਿੱਤੀ ਹੈ। ਇਹ ਕੰਪਨੀ ਪਰਬਤਾਰੋਹੀਆਂ ਨੂੰ ਪਹਾੜਾਂ ’ਤੇ ਚੜ੍ਹਨ ਲਈ ਸਾਜ਼ੋ-ਸਾਮਾਨ ਤੇ ਹੋਰ ਸਹਾਇਤਾ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸਟੀਨ ਤੇ ਤੈਨਜਿਨ ਨੇ ਦੁਨੀਆਂ ਦੀ ਦੂਜੀ ਸਿਖਰਲੀ ਚੋਟੀ ਮਾਊਂਟ ਕੇ2 ਨੂੰ ਅੱਜ ਸਰ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅੱਠ ਹੋਰ ਗਾਈਡ ਵੀ ਸਨ। ਐੱਮਡੀ ਤਾਸ਼ੀ ਨੇ ਇਥੇ ਬੇਸ ਕੈਂਪ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 14 ਟੀਸੀਆਂ ਨੂੰ ਕੁਝ ਮਹੀਨਿਆਂ ’ਚ ਫਤਹਿ ਕਰਨਾ ਇਕ ਚੁਣੌਤੀ ਭਰਿਆ ਕੰਮ ਸੀ ਅਤੇ ਆਮ ਤੌਰ ’ਤੇ ਇਸ ਮੁਕਾਮ ਨੂੰ ਹਾਸਲ ਕਰਨ ’ਚ ਪਰਬਤਾਰੋਹੀਆਂ ਨੂੰ ਸਾਲਾਂਬੱਧੀ ਲੱਗ ਜਾਂਦੇ ਹਨ। ਕਾਬਿਲੇਗੌਰ ਹੈ ਕਿ ਦੋਹਾਂ (ਕ੍ਰਿਸਟੀਨ ਤੇ ਤੈਨਜਿਨ) ਨੇ ਨੇਪਾਲ ਦੇ ਨਿਰਮਲ ਪੁਰਜਾ ਵੱਲੋਂ ਸਿਰਜੇ ਰਿਕਾਰਡ ਨੂੰ ਤੋੜ ਦਿੱਤਾ ਹੈ ਜਿਸ ਨੇ ਸਾਲ 2019 ਵਿੱਚ ਇਨ੍ਹਾਂ 14 ਸਿਖਰਾਂ ਨੂੰ ਛੇ ਮਹੀਨੇ ਤੇ ਇਕ ਹਫਤੇ ਦੇ ਸਮੇਂ ’ਚ ਸਰ ਕੀਤਾ ਸੀ। ਕ੍ਰਿਸਟੀਨ ਤੇ ਉਸ ਦੇ ਗਾਈਡ ਤੈਨਜਿਨ ਵੱਲੋਂ ਜੋ ਮੁਕਾਮ ਹਾਸਲ ਕੀਤਾ ਗਿਆ ਹੈ, ਉਸ ਦੀ ਹੋਰਨਾਂ ਪਰਬਤਾਰੋਹੀਆਂ ਨੇ ਪੁਸ਼ਟੀ ਕੀਤੀ ਹੈ ਪਰ ਗਿੰਨੀਜ਼ ਬੁੱਕ ਆਫ ਰਿਕਾਰਡਜ਼ ਵੱਲੋਂ ਫਿਲਹਾਲ ਇਸ ਦੀ ਤਸਦੀਕ ਨਹੀਂ ਕੀਤੀ ਗਈ। ਇਹ ਦੋਵੇਂ ਪਰਬਤਾਰੋਹੀ ਤਿੱਬਤ ਖੇਤਰ ਵਿੱਚ ਸ਼ੀਸ਼ਾਪਾਂਗਮਾ ਸਿਖਰ ’ਤੇ 26 ਅਪਰੈਲ ਨੂੰ ਚੜ੍ਹੇ ਸਨ ਤੇ ਇਸ ਤੋਂ ਬਾਅਦ ਉਹ ਐਵਰੈਸਟ, ਕੰਚਨਜੰਗਾ, ਲਹੋਤਸੇ, ਮਕਾਲੂ, ਚੋਅ ਓਇਯੂ, ਧੌਲਾਗਿਰੀ, ਮਨਾਸਲੂ ਤੇ ਨੇਪਾਲ ਦੀ ਅੰਨਪੂਰਨਾ ਚੋਟੀ ’ਤੇ ਚੜ੍ਹਨ ਮਗਰੋਂ ਪਾਕਿਸਤਾਨ ਗਏ ਸਨ ਜਿਥੇ ਉਹ ਨਾਂਗਾ ਪਰਬਤ, ਗਸ਼ਰਬਰਮ-1 ਤੇ ਗਸ਼ਰਬਰਮ-2 ਅਤੇ ਬਰਾਡ ਚੋਟੀ ਫਤਹਿ ਕਰਨ ਮਗਰੋਂ ਮਾਊਂਟ ਕੇ2 ’ਤੇ ਚੜ੍ਹੇ। ਦੋਹਾਂ ਨੇ ਇਹ ਸਾਰੀਆਂ 14 ਚੋਟੀਆਂ 92 ਦਿਨਾਂ ਵਿੱਚ ਸਰ ਕੀਤੀਆਂ।