ਮੁੰਬਈ, 28 ਦਸੰਬਰ
ਬੌਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਦੋ ਸਾਲਾਂ ਦੇ ਅਰਸੇ ਵਿੱਚ ਖੂਬ ਪ੍ਰਸ਼ੰਸਕ ਖੱਟੇ ਹਨ। ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਭਾਵੇਂ ਫਿਲਮੀ ਹਸਤੀਆਂ ਦੇ ਘਰ ਜਨਮੀ ਹੈ ਪਰ ਉਹ ਨਾਮ-ਸ਼ੌਹਰਤ ਵਿੱਚ ਯਕੀਨ ਨਹੀਂ ਰੱਖਦੀ।
ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਸਾਰਾ ਨੇ ਕਿਹਾ, ‘‘ਮੈਂ ਨਾਮ-ਸ਼ੌਹਰਤ ਵੱਲ ਨਹੀਂ ਦੇਖਦੀ। ਹੁਣ ਤਕ ਮੈਂ ਫੈਨਜ਼ ਸ਼ਬਦ ਦੀ ਵਰਤੋਂ ਨਹੀਂ ਕੀਤੀ ਤੇ ਨਾ ਹੀ ਸਟਾਰ ਸ਼ਬਦ ਵਰਤਿਆ ਹੈ। ਮੈਂ ਇਨ੍ਹਾਂ ਚੀਜ਼ਾਂ ਵਿੱਚ ਯਕੀਨ ਨਹੀਂ ਰੱਖਦੀ’’। ਉਸ ਅਨੁਸਾਰ ਹਰ ਸ਼ੁੱਕਰਵਾਰ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਤਾਂ ਸਿਤਾਰਿਆਂ ਦੀ ਤਕਦੀਰ ਬਦਲਦੀ ਹੈ। ਉਸ ਨੇ ਕਿਹਾ, ‘‘ਮੇਰੇ ਖਿਆਲ ’ਚ ਇੱਕ ਤੁਹਾਡੀ ਨੀਅਤ ਹੀ ਅਜਿਹੀ ਚੀਜ਼ ਹੈ, ਜੋ ਮਾਇਨੇ ਰੱਖਦੀ ਹੈ। ਕਿਤੇ ਨਾ ਕਿਤੇ ਤੁਹਾਡੀ ਸ਼ਿੱਦਤ ਤੇ ਜਨੂੰਨ ਵੀ ਮਹੱਤਵ ਰੱਖਦਾ ਹੈ। ਇਸ ਤੋਂ ਇਲਾਵਾ ਸਾਰੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਬਦਲਦੀਆਂ ਰਹਿਣਗੀਆਂ।’’ ਉਸ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਜਿਹੜਾ ਪੇਸ਼ਾ ਉਸ ਨੂੰ ਪਸੰਦ ਹੈ, ਉਹ ਉਸ ਵਿੱਚ ਹੀ ਕੰਮ ਕਰ ਰਹੀ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਸਾਰਾ ਨੇ 2018 ਵਿੱਚ ਅਭਿਸ਼ੇਕ ਕਪੂਰ ਦੀ ਫਿਲਮ ‘ਕੇਦਾਰਨਾਥ’ ਨਾਲ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ। ਉਸ ਤੋਂ ਬਾਅਦ ਉਸ ਨੇ ਰੋਹਿਤ ਸ਼ੈੱਟੀ ਦੀ ‘ਸਿੰਬਾ’ ਵਿੱਚ ਰਣਵੀਰ ਸਿੰਘ ਨਾਲ ਅਤੇ ਇਮਤਿਆਜ਼ ਅਲੀ ਦੀ ਫਿਲਮ ‘ਲਵ ਆਜਕਲ 2) ਵਿੱਚ ਕਾਰਤਿਕ ਆਰੀਅਨ ਨਾਲ ਕੰਮ ਕੀਤਾ। ਹਾਲ ਹੀ ਵਿੱਚ ਉਹ ਡੇਵਿਡ ਧਵਨ ਦੀ ਫਿਲਮ ‘ਕੁਲੀ ਨੰਬਰ. 1’ ਵਿੱਚ ਵਰੁਣ ਧਵਨ ਨਾਲ ਨਜ਼ਰ ਆਈ ਹੈ। ਆਉਣ ਵਾਲੇ ਸਮੇਂ ’ਚ ਉਹ ਅਕਸ਼ੈ ਕੁਮਾਰ ਤੇ ਧਨੁਸ਼ ਨਾਲ ਆਨੰਦ ਐੱਲ. ਰਾਏ ਦੀ ਫਿਲਮ ‘ਅਤਰੰਗੀ ਰੇ’ ਵਿੱਚ ਨਜ਼ਰ ਆਵੇਗੀ।