ਪਟਿਆਲਾ : ਨਾਭਾ ‘ਚ ਇੱਕ ਪੁਲਿਸ ਅਧਿਕਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪੁਲਿਸ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਜੋਂ ਹੋਈ ਹੈ। ਉਸਦੀ ਉਮਰ ਲਗਭਗ 30 ਸਾਲ ਸੀ। ਇਸ ਘਟਨਾ ‘ਚ ਅਮਨਦੀਪ ਸਿੰਘ ਦਾ ਭਰਾ ਵੀ ਜਖਮੀ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਮੇਹਸ ਗੇਟ ਇਲਾਕੇ ਵਿੱਚ ਪੰਜ-ਛੇ ਨੌਜਵਾਨਾਂ ਨੇ ਦੋਨੋਂ ਭਰਾਵਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਅਮਨਦੀਪ ਸਿੰਘ ਦੀ ਕਿਰਚ ਮਾਰ ਕੇ ਹਤਿਆ ਕਰ ਦਿੱਤੀ ਗਈ ਜਦੋਂ ਕਿ ਦੂਜੇ ਦੇ ਸਿਰ ਵਿੱਚ ਸੱਟਾਂ ਲੱਗੀਆਂ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਅਮਨਦੀਪ ਪਟਿਆਲਾ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਸੀ। ਅਮਨਦੀਪ ਦੇ ਘਰ ਦੋ ਮਹੀਨੇ ਪਹਿਲਾਂ ਹੀ ਇੱਕ ਪੁੱਤਰ ਦਾ ਜਨਮ ਹੋਇਆ ਸੀ। ਅਮਨਦੀਪ ਸਿੰਘ ਬੀਤੀ ਰਾਤ ਆਪਣੇ ਭਰਾ ਨਵੀ ਨਾਲ ਮੇਹਸ ਗੇਟ ਗਿਆ ਸੀ। ਚਸ਼ਮਦੀਦਾਂ ਅਨੁਸਾਰ, ਉਨ੍ਹਾਂ ਦਾ ਉੱਥੇ ਇੱਕ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਉਕਤ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਮੌਕੇ ‘ਤੇ ਬੁਲਾਇਆ ਅਤੇ ਉਨ੍ਹਾਂ ਨੇ ਦੋਵਾਂ ਭਰਾਵਾਂ ‘ਤੇ ਹਮਲਾ ਕਰ ਦਿੱਤਾ। ਇੱਕ ਨੌਜਵਾਨ ਨੇ ਅਮਨਦੀਪ ‘ਤੇ ਕਿਰਚ ਨਾਲ ਹਮਲਾ ਕੀਤਾ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀ ਭਰਾ ਨਵੀ ਹਸਪਤਾਲ ਵਿੱਚ ਦਾਖਲ ਹੈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਕੋਤਵਾਲੀ ਪੁਲਿਸ ਸਟੇਸ਼ਨ ਦੇ ਐਸਐਚਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਮੁਲਾਜ਼ਮ ਨੂੰ ਮਾਰਨ ਵਾਲੇ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸ ਦਈਏ ਇਸ ਘਟਨਾ ‘ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ “ਨਾਭਾ ਵਿਖੇ ਭਰੇ ਬਾਜ਼ਾਰ ਵਿੱਚ ਦਿਨ ਦਿਹਾੜੇ ਕਰੀਬ ਅੱਧਾ ਦਰਜਨ ਹਮਲਾਵਰਾਂ ਵੱਲੋਂ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਅਤੇ ਚਿੰਤਾ ਹੋਈ। ਇਸ ਦੁੱਖ ਦੀ ਘੜੀ ਵਿੱਚ ਮੈਂ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਇਸ ਬੇਰਹਿਮ ਹਮਲੇ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਉਨ੍ਹਾਂ ਦੇ ਭਰਾ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ ।”














