ਪਟਿਆਲਾ, 31 ਜਨਵਰੀ,ਨਾਭਾ ਜੇਲ੍ਹ ਕਾਂਡ ’ਤੇ ਆਧਾਰਿਤ ਕੇਸ ਦੀ ਸੁਣਵਾਈ ਤਹਿਤ ਅੱਜ ਨਾਭਾ ਜ਼ੋਨ ਤੋਂ ਫ਼ਰਾਰ ਹੋਣ ਮਗਰੋਂ ਮੱਧ ਪ੍ਰਦੇਸ਼ ਵਿੱਚ ਫੜੇ ਗਏ ਗੈਂਗਸਟਰ ਨੀਟਾ ਦਿਓਲ ਨੂੰ ਭਾਰੀ ਪੁਲੀਸ ਫੋਰਸ ਵੱਲੋਂ ਨਾਭਾ ਜੇਲ੍ਹ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਦਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਬਾਕੀ ਲਗਪਗ ਢਾਈ ਦਰਜਨ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 9 ਫ਼ਰਵਰੀ ’ਤੇ ਪਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਕੇਸ ਦੀ  ਸੁਣਵਾਈ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਗੁਲਜ਼ਾਰ ਮੁਹੰਮਦ ਦੀ ਅਦਾਲਤ ਵਿਚ ਚੱਲ ਰਹੀ ਹੈ, ਪਰ ਨਾਭਾ ਜੇਲ੍ਹ ਤੋਂ ਫ਼ਰਾਰ ਗੈਂਗਸਟਰ ਵਿੱਕੀ ਗੌਂਡਰ ਦੇ ਤਿੰਨ  ਦਿਨ  ਪਹਿਲਾਂ ਹੀ ਮੁਕਾਬਲੇ ਵਿੱਚ ਮਾਰੇ ਜਾਣ ਕਾਰਨ  ਉਸ ਦੇ ਸਾਥੀ ਗੈਂਗਸਟਰਾਂ ਵਿੱਚ  ਫੈਲੇ ਰੋਹ ਦੇ ਮੱਦੇਨਜ਼ਰ ਪੁਲੀਸ ਨੇ ਇਸ ਕੇਸ ਦੇ ਬਹੁਤੇ ਮੁਲਜ਼ਮਾਂ ਨੂੰ ਅੱਜ ਨਿੱਜੀ ਤੌਰ ’ਤੇ ਅਦਾਲਤ ਵਿੱਚ ਪੇਸ਼ ਕਰਨਾ ਵਾਜਬ ਨਾ ਸਮਝਿਆ ਤੇ ਉਨ੍ਹਾਂ ਦੀ ਹਾਜ਼ਰੀ  ਵੀਡੀਓ ਕਾਨਫਰੰਸਿੰਗ ਜ਼ਰੀਏ ਲਵਾਈ ਗਈ। ਇਨ੍ਹਾਂ ਵਿੱਚੋਂ ਕੇਐੱਲਐੱਫ਼ ਦੇ ਚੀਫ਼ ਹਰਮਿੰਦਰ ਸਿੰਘ ਮਿੰਟੂ ਅਤੇ ਪਲਪਿੰਦਰ  ਸਿੰਘ ਪਿੰਦਾ ਸਮੇਤ ਵੀਹ ਦੇ ਕਰੀਬ ਮੁਲਜ਼ਮ ਪਟਿਆਲਾ ਜੇਲ੍ਹ ਵਿੱਚ ਹਨ, ਜਦਕਿ ਫ਼ਰਾਰ ਹੋਇਆ ਗੁਰਪ੍ਰੀਤ ਸੇਖੋਂ ਤੇ ਕੁੱਝ ਹੋਰ  ਕਪੂਰਥਲਾ ਜੇਲ੍ਹ ਵਿੱਚ ਬੰਦ ਹਨ। ਨਾਭਾ ਜੇਲ੍ਹ ਕਾਂਡ ਕੇਸ ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਬਾਕੀ ਮੁਲਜ਼ਮਾਂ ਵਿੱਚ ਬਿੱਕਰ ਸਿੰਘ ਮੁਦਕੀ, ਜਗਤਵੀਰ ਰਾਮਪੁਰਾ, ਚਰਨਪ੍ਰੀਤ ਸਿੰਘ, ਹਰਜੋਤ ਸਿੰਘ, ਰਣਜੀਤ ਸਿੰਘ, ਨਰੇਸ਼ ਨੌਰੰਗ, ਸੰਜੀਵ ਕਾਲੜਾ, ਮੁਹੰਮਦ ਆਸੀਮ ਤੇ ਗੁਰਪ੍ਰੀਤ ਮਾਂਗੇਵਾਲ ਸਮੇਤ ਸਹਾਇਕ ਜੇਲ੍ਹ ਸੁਪਰਡੈਂਟ ਭੀਮ ਸਿੰਘ, ਜੇਲ੍ਹ ਵਾਰਡਨ ਜਗਮੀਤ ਸਿੰਘ ਤੇ ਕੰਟੀਨ ਮਾਲਕ ਤੇਜਿੰਦਰ ਸ਼ਰਮਾ ਦੇ ਸ਼ਾਮਲ ਹਨ।