ਨਵੀਂ ਦਿੱਲੀ: ਭਾਰਤੀ ਸਪਰਿੰਟਰ ਹਿਮਾ ਦਾਸ ਨੂੰ ਪਿਛਲੇ 12 ਮਹੀਨਿਆਂ ’ਚ ਤਿੰਨ ਵਾਰ ਆਪਣੇ ਟਿਕਾਣੇ ਬਾਰੇ ਜਾਣਕਾਰੀ ਦੇਣ ਸਬੰਧੀ ਨਿਯਮ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਅਸਾਮ ਦੀ 23 ਸਾਲਾ ਦੌੜਾਕ ਹਿਮਾ ਦਾਸ ਸੱਟ ਕਾਰਨ ਹਾਂਗਜ਼ੋਊ ਏਸ਼ਿਆਈ ਖੇਡਾਂ ਦੀ ਟੀਮ ਵਿੱਚ ਨਹੀਂ ਹੈ। ਭਾਰਤੀ ਟੀਮ ਦੇ ਇੱਕ ਅਧਿਕਾਰੀ ਨੇ ਕਿਹਾ, ‘ਪਿਛਲੇ ਇੱਕ ਸਾਲ ਵਿੱਚ ਤਿੰਨ ਵਾਰ ਉਸ ਨੇ ਰਹਿਣ ਵਾਲੀ ਥਾਂ ਸਬੰਧੀ ਨਿਯਮ ਦੀ ਉਲੰਘਣਾ ਕੀਤੀ ਹੈ। ਇਸੇ ਵਜ੍ਹਾ ਕਾਰਨ ਉਸ ਨੂੰ ਨਾਡਾ ਨੇ ਆਰਜ਼ੀ ਤੌਰ ’ਤੇ ਮੁਅੱਤਲ ਕੀਤਾ ਹੈ।’ ਉਸ ਨੂੰ ਦੋ ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।