ਨਵੀਂ ਦਿੱਲੀ, 19 ਅਗਸਤ
ਏਸ਼ਿਆਈ ਖੇਡਾਂ ਵਿੱਚ ਚਾਂਦੀ ਦੇ ਦੋ ਤਗ਼ਮੇ ਜਿੱਤਣ ਵਾਲੀ ਮਹਿਲਾ ਅਥਲੀਟ ਦੁੱਤੀ ਚੰਦ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਵੱਲੋਂ ਉਸ ਉੱਪਰ ਲਾਈ ਗਈ ਚਾਰ ਸਾਲ ਦੀ ਪਾਬੰਦੀ ਨੂੰ ਚੁਣੌਤੀ ਦੇਵੇਗੀ। ਉਹ ਨਾਡਾ ਦੀ ਟੂਰਨਾਮੈਂਟ ਦੇ ਸਬੰਧ ਵਿੱਚ ਪਾਬੰਦੀਸ਼ੁਦਾ ਪਦਾਰਥ ਦੀ ਡੋਪ ਜਾਂਚ ਵਿੱਚ ਫੇਲ੍ਹ ਹੋ ਗਈ ਸੀ।27 ਸਾਲ ਦੀ ਦੁੱਤੀ ’ਤੇ ਵੀਰਵਾਰ ਨੂੰ ਪਾਬੰਦੀ ਲਗਾਈ ਗਈ ਸੀ। 100 ਮੀਟਰ ਦੇ ਕੌਮੀ ਰਿਕਾਰਡ ਵਾਲੀ ਇਸ ਅਥਲੀਟ ਦੇ ਪਿਛਲੇ ਸਾਲ ਦਸਬੰਰ ਵਿੱਚ ਲਏ ਗਏ ਦੋ ਨਮੂਨਿਆਂ ਵਿੱਚ ‘ਹੋਰ ਐਨਾਬੌਲਿਕ ਏਜੰਟ/ਐੱਸਆਰਐੱਮਐੱਸ’ ਮੌਜੂਦ ਸਨ ਜੋ ਵਾਡਾ ਦੀ 2023 ਦੀ ਪਾਬੰਦੀਸ਼ੁਦਾ ਪਦਾਰਥਾਂ ਦੀ ਸੂਚੀ ਵਿੱਚ ਸ਼ਾਮਲ ਹਨ। ਇਹ ਨਮੂਨੇ 5 ਤੇ 26 ਦਸੰਬਰ ਨੂੰ ਲਏ ਗਏ ਸਨ ਅਤੇ ਦੋਵੇਂ ਹੀ ੲਿੱਕੋ ਤਰ੍ਹਾਂ ਦੇ ਪਦਾਰਥ ਦੇ ਪਾਜ਼ੇਟਿਵ ਪਾਏ ਗਏ ਸਨ। ਦੁਤੀ ’ਤੇ ਲੱਗੀ ਪਾਬੰਦੀ ਇਸ ਸਾਲ 3 ਜਨਵਰੀ ਤੋਂ ਪ੍ਰਭਾਵੀ ਹੋਵੇਗੀ ਅਤੇ 5 ਦਸੰਬਰ 2022 ਨੂੰ ਲਏ ਗਏ ਪਹਿਲੇ ਨਮੂਨੇ ਦੀ ਇਸ ਤਰੀਕ ਤੋਂ ਉਸ ਦੇ ਸਾਰੇ ਮੁਕਾਬਲਿਆਂ ਦੇ ਨਤੀਜੇ ਹਟਾ ਦਿੱਤੇ ਜਾਣਗੇ। ਦੁੱਤੀ ਦੇ ਵਕੀਲ ਪਾਰਥ ਗੋਸਵਾਮੀ ਨੇ ਅੱਜ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਖਿਡਾਰਨ ਆਪਣੇ ਪੂਰੇ ਪੇਸ਼ੇਵਰ ਕਰੀਅਰ ਵਿੱਚ ‘ਕਲੀਨ ਅਥਲੀਟ’ ਰਹੀ ਹੈ ਅਤੇ ਇਹ ਮਾਮਲਾ ਇਸ ਪਦਾਰਥ ਦੇ ‘ਅਣਜਾਣਪੁਣੇ ਵਿੱਚ ਵਰਤੋਂ’ ਕਰਨ ਦਾ ਸੀ। ਉਨ੍ਹਾਂ ਕਿਹਾ, ‘‘ਸਾਡੇ ਵਾਸਤੇ ਇਹ ਮਾਮਲਾ ਸਪੱਸ਼ਟ ਤੌਰ ’ਤੇ ਅਣਜਾਣਪੁਣੇ ਵਿੱਚ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਦਾ ਹੈ। ਅਸੀਂ ਇਸ ਪਦਾਰਥ ਦਾ ਸਰੋਤ ਵੀ ਸਪੱਸ਼ਟ ਤੌਰ ’ਤੇ ਜਾਣ ਚੁੱਕੇ ਹਾਂ ਜੋ ਕਿ ਪੂਰੀ ਤਰ੍ਹਾਂ ਠੋਸ ਸਬੂਤ ਹੈ। ਇਸ ਪਦਾਰਥ ਦਾ ਇਸਤੇਮਾਲ ਕਦੇ ਵੀ ਖੇਡ ’ਚ ਫਾਇਦਾ ਉਠਾਉਣ ਲਈ ਨਹੀਂ ਕੀਤਾ ਗਿਆ। ਅਸੀਂ ਅਪੀਲ ਦਾਇਰ ਕਰਨ ਦੀ ਪ੍ਰਕਿਰਿਆ ਵਿੱਚ ਹਾਂ।’’