ਮੈਲਬਰਨ, 31 ਜਨਵਰੀ
ਦੁਨੀਆ ਦੇ ਸਾਬਕਾ ਨੰਬਰ ਇੱਕ ਖਿਡਾਰੀ ਰਾਫੇਲ ਨਾਡਾਲ ਨੇ ਅੱਜ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ ਅਤੇ ਇਸ ਦੇ ਨਾਲ ਉਹ ਹੀ ਪੁਰਸ਼ਾਂ ਦੇ ਸਿੰਗਲ ਵਰਗ ’ਚ 21 ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਸਪੇਨ ਦੇ ਰਾਫੇਲ ਨਾਡਾਲ (35) ਨੇ ਇੱਥੇ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਰੂਸ ਦੇ ਦਾਨਿਲ ਮੈਦਵੇਦੇਵ ਖ਼ਿਲਾਫ਼ ਪਹਿਲੇ ਦੋ ਸੈੱਟ ਗੁਆਉਣ ਦੇ ਬਾਵਜੂਦ ਜ਼ੋਰਦਾਰ ਵਾਪਸੀ ਕਰਦਿਆਂ ਰਿਕਾਰਡ 21ਵਾਂ ਗਰੈਂਡ ਸਲੈਮ ਖ਼ਿਤਾਬ ਆਪਣੇ ਨਾਮ ਕੀਤਾ। ਛੇਵਾਂ ਦਰਜਾ ਹਾਸਲ ਨਾਡਾਲ ਨੇ 5 ਘੰਟੇ 24 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਮੈਦਵੇਦੇਵ ਨੂੰ 2-6, 6-7 (5), 6-4, 6-4, 7-5 ਨਾਲ ਹਰਾਇਆ। ਪੰਜਵੇਂ ਸੈੱਟ ਵਿੱਚ ਨਾਡਾਲ 5-4 ਦੇ ਸਕੋਰ ’ਤੇ ਜਦੋਂ ਚੈਂਪੀਅਨਸ਼ਿਪ ਜਿੱਤਣ ਦੇ ਨੇੜੇ ਸੀ ਤਾਂ ਮੈਦਵੇਦੇਵ ਨੇ ਉਸ ਦੀ ਸਰਵਿਸ ਤੋੜ ਦਿੱਤੀ, ਹਾਲਾਂਕਿ ਬਾਅਦ ਵਿੱਚ ਉਸ ਨੇ ਬਿਨਾਂ ਕੋਈ ਗਲਤੀ ਕੀਤਿਆਂ ਖ਼ਿਤਾਬੀ ਜਿੱਤ ਹਾਸਲ ਕਰ ਲਈ। ਜ਼ਿਕਰਯੋਗ ਹੈ ਕਿ ਆਸਟਰੇਲਿਆਈ ਓਪਨ ਦਾ ਇਹ ਦੂਜਾ ਸਭ ਤੋਂ ਲੰਮੇ ਸਮੇਂ ਤੱਕ ਚੱਲਿਆ ਫਾਈਨਲ ਮੈਚ ਹੈ। ਇਸ ਤੋਂ ਪਹਿਲਾਂ 2012 ਵਿੱਚ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਨਾਡਾਲ ਵਿਚਾਲੇ ਫਾਈਨਲ ਮੈਚ 5 ਘੰਟੇ 53 ਮਿੰਟ ਤੱਕ ਚੱਲਿਆ ਸੀ, ਜਿਸ ਵਿੱਚ ਜੋਕੋਵਿਚ ਜੇਤੂ ਰਿਹਾ ਸੀ।