ਵਾਸ਼ਿੰਗਟਨ, 21 ਜੂਨ
ਅਮਰੀਕਾ ਦੇ ਰਸੂਖ਼ਵਾਨ ਸੈਨੇਟਰ (ਸੰਸਦ ਮੈਂਬਰ) ਮਾਰਕ ਵਾਰਨਰ ਨੇ ਕਿਹਾ ਹੈ ਕਿ ਉਹ ਭਾਰਤ ਨੂੰ ‘ਨਾਟੋ ਪਲੱਸ’ ਦਾ ਹਿੱਸਾ ਬਣਾਉਣ ਲਈ ਇਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਨਾਲ ਚੀਨ ਦੀਆਂ ਵਧਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਚੋਟੀ ਦੀ ਅਮਰੀਕੀ ਤਕਨੀਕ ਤੇ ਰੱਖਿਆ ਉਪਕਰਨਾਂ ਦੇ ਤਬਾਦਲੇ ਵਿਚ ਨੌਕਰਸ਼ਾਹੀ ਦੇ ਪੱਧਰ ਉਤੇ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕੇਗਾ। ਗੌਰਤਲਬ ਹੈ ਕਿ ਨਾਟੋ ਪਲੱਸ 5 ਇਕ ਸੁਰੱਖਿਆ ਪ੍ਰਬੰਧ ਹੈ ਜੋ ਰੱਖਿਆ ਤੇ ਖ਼ੁਫੀਆ ਸਬੰਧਾਂ ਨੂੰ ਹੁਲਾਰਾ ਦੇਣ ਲਈ ਨਾਟੋ ਤੇ ਪੰਜ ਹੋਰ ਦੇਸ਼ਾਂ- ਆਸਟਰੇਲੀਆ, ਨਿਊਜ਼ੀਲੈਂਡ, ਜਾਪਾਨ, ਇਜ਼ਰਾਈਲ ਤੇ ਦੱਖਣ ਕੋਰੀਆ ਨੂੰ ਇਕਜੁੱਟ ਕਰਦਾ ਹੈ। ਵਾਰਨਰ ਨੇ ਮੰਗਲਵਾਰ ਮੀਡੀਆ ਸੰਮੇਲਨ ਵਿਚ ਕਿਹਾ, ‘ਸੈਨੇਟ ਇੰਡੀਆ ਕਾਕਸ ਵਿਚ ਮੇਰੇ ਕੋ-ਚੇਅਰ ਸੈਨੇਟਰ ਜੌਹਨ ਕੌਰਨਿਨ ਤੇ ਮੈਂ ਇਸ ਹਫ਼ਤੇ ਇਸ ਬਿੱਲ ਨੂੰ ਇਕ ਸੁਤੰਤਰ ਬਿੱਲ ਤੇ ਰੱਖਿਆ ਅਧਿਕਾਰ ਐਕਟ ਵਿਚ ਸੋਧ ਬਿੱਲ ਦੇ ਤੌਰ ਉਤੇ ਪੇਸ਼ ਕਰਾਂਗੇ, ਤਾਂ ਕਿ ਭਾਰਤ-ਅਮਰੀਕਾ ਰੱਖਿਆ ਸਬੰਧਾਂ ਨੂੰ ਰਫ਼ਤਾਰ ਦੇਣ ਵਿਚ ਮਦਦ ਮਿਲੇ।’ ਵਾਰਨਰ ਨੇ ਕਿਹਾ, ‘ਅਸੀਂ ਜੋ ਮਤਾ ਰੱਖ ਰਹੇ ਹਾਂ ਇਸ ਦਾ ਮਕਸਦ ਨਾਟੋ ਪਲੱਸ 5 ਪ੍ਰਬੰਧ ਵਿਚ ਭਾਰਤ ਨੂੰ ਸ਼ਾਮਲ ਕਰਨਾ ਹੈ, ਜਿਸ ਨਾਲ ਅਮਰੀਕਾ ਮਾਮੂਲੀ ਨੌਕਰਸ਼ਾਹ ਦਖ਼ਲ ਦੇ ਨਾਲ ਨਵੀਂ ਦਿੱਲੀ ਨੂੰ ਰੱਖਿਆ ਉਪਕਰਨਾਂ ਦੀ ਸਪਲਾਈ ਕਰਨ ਵਿਚ ਸਮਰੱਥ ਹੋ ਸਕੇਗਾ।’ ਡੈਮੋਕਰੈਟਿਕ ਪਾਰਟੀ ਨਾਲ ਜੁੜੇ ਵਾਰਨਰ ਤੇ ਰਿਪਬਲਿਕਨ ਪਾਰਟੀ ਦੇ ਨੇਤਾ ਕੌਰਨਿਨ ‘ਸੈਨੇਟ ਇੰਡੀਆ ਕਾਕਸ’ ਦੇ ਸਹਿ-ਪ੍ਰਧਾਨ ਹਨ। ਇਹ ਕਾਕਸ ਅਮਰੀਕੀ ਸੈਨੇਟ ਵਿਚ ਇਕੋ-ਇਕ ਵਿਸ਼ੇਸ਼ ਤੌਰ ਉਤੇ ਕਿਸੇ ਦੇਸ਼ ਨਾਲ ਸਬੰਧਤ ਕਾਕਸ ਹੈ। ਸੈਨੇਟ ਦੀ ਇੰਟੈਲੀਜੈਂਸ ਕਮੇਟੀ ਦੇ ਚੇਅਰਪਰਸਨ ਵਾਰਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸ਼ਿੰਗਟਨ ਦੌਰੇ ਦੇ ਮੱਦੇਨਜ਼ਰ ਇਹ ਹਫ਼ਤਾ ਭਾਰਤ-ਅਮਰੀਕਾ ਰਿਸ਼ਤਿਆਂ ਲਈ ਬੇਹੱਦ ਮਹੱਤਵਪੂਰਨ ਹੈ। ਇਸ ਦੌਰਾਨ ਮੋਦੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੀ ਮੁਲਾਕਾਤ ਕਰਨਗੇ। ਵਰਜੀਨੀਆ ਦੇ ਸੈਨੇਟਰ ਨੇ ਆਸ ਜਤਾਈ ਕਿ ਸੰਚਾਰ ਤੇ ਤਕਨੀਕ ਦੁਆਲੇ ਸ਼ੁਰੂ ਹੋਈ ਵਾਰਤਾ ਦਾ ਇਸ ਦੌਰੇ ’ਚ ਵਿਸਤਾਰ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਦੀ ਵਾਇਰਲੈੱਸ ਤਕਨੀਕ ਜੋ ਕਿ 5ਜੀ ਤੋਂ ਅੱਗੇ ਦੀ ਚੀਜ਼ ਹੈ (ਓਪਨ ਰੇਡੀਓ ਐਕਸੈੱਸ ਨੈੱਟਵਰਕ), ਉਤੇ ਵੀ ਭਾਰਤ ਤੇ ਅਮਰੀਕਾ ਦੀ ਭਾਈਵਾਲੀ ਦੇਖਣ ਵਾਲੀ ਹੋਵੇਗੀ।