ਓਟਵਾ, 23 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਹੀਨੇ ਦੂਜੀ ਵਾਰੀ ਬਰੱਸਲਜ਼ ਲਈ ਰਵਾਨਾ ਹੋ ਰਹੇ ਹਨ। ਇਸ ਦੌਰਾਨ ਉਹ ਬਰੱਸਲਜ਼ ਵਿੱਚ ਯੂਰਪੀ ਪਾਰਲੀਆਮੈਂਟ ਨੂੰ ਸੰਬੋਧਨ ਕਰਨਗੇ।
ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਟਰੂਡੋ ਐਟਲਾਂਟਿਕ ਦੇ ਦੋਵਾਂ ਪਾਸਿਆਂ ਉੱਤੇ ਸਥਿਤ ਦੇਸ਼ਾਂ ਨੂੰ ਰਲ ਕੇ ਜਮਹੂਰੀਅਤ ਲਈ ਕੰਮ ਕਰਨ ਦਾ ਸੁਨੇਹਾ ਦੇਣਗੇ।ਯੂਰਪੀਅਨ ਪਾਰਲੀਆਮੈਂਟੇਰੀਅਨਜ਼ ਨੂੰ ਦਿੱਤਾ ਜਾਣ ਵਾਲਾ ਇਹ ਟਰੂਡੋ ਦਾ ਦੂਜਾ ਭਾਸ਼ਣ ਹੋਵੇਗਾ, ਇਸ ਤੋਂ ਪਹਿਲਾਂ ਟਰੂਡੋ ਨੇ 2017 ਵਿੱਚ ਯੂਰਪੀਅਨ ਪਾਰਲੀਆਮੈਂਟ ਨੂੰ ਸੰਬੋਧਨ ਕੀਤਾ ਸੀ।ਉਸ ਸਮੇਂ ਟਰੂਡੋ ਦੇ ਸੰਬੋਧਨ ਨਾਲ ਯੂਰਪੀਅਨ ਪਾਰਲੀਆਮੈਂਟ ਨੂੰ ਕਾਫੀ ਹੁਲਾਰਾ ਮਿਲਿਆ ਸੀ ਕਿਉਂਕਿ ਉਸ ਤੋਂ ਇੱਕ ਸਾਲ ਪਹਿਲਾਂ ਬ੍ਰਿਟੇਨ ਯੂਰਪੀਅਨ ਯੂਨੀਅਨ ਨੂੰ ਛੱਡਣ ਲਈ ਜ਼ੋਰ ਪਾ ਰਿਹਾ ਸੀ ਤੇ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋ ਰਹੀਆਂ ਸਨ।
ਵਿਦੇਸ਼ ਮੰਤਰੀ ਮਿਲੇਨੀ ਜੌਲੀ ਦਾ ਕਹਿਣਾ ਹੈ ਕਿ ਯੂਰਪ ਨੂੰ ਉਹੋ ਜਿਹਾ ਹੀ ਸੁਨੇਹਾ ਇੱਕ ਵਾਰੀ ਮੁੜ ਸੁਣਨ ਨੂੰ ਮਿਲੇਗਾ ਪਰ ਉਹ ਨਵੇਂ ਸੰਦਰਭ ਵਿੱਚ ਹੋਵੇਗਾ ਕਿਉਂਕਿ ਯੂਕਰੇਨ ਦੇ ਲੋਕਾਂ ਨਾਲ ਕੈਨੇਡਾ ਦੀ ਭਾਈਵਾਲੀ ਕਾਫੀ ਗੂੜ੍ਹੀ ਹੈ ਤੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਯੂਰਪ ਨੂੰ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੋ ਹਫਤੇ ਪਹਿਲਾਂ ਵੀ ਟਰੂਡੋ ਨੇ ਕੌਮਾਂਤਰੀ ਆਡੀਅੰਸ ਲਈ ਮਿਊਨਿਖ਼ ਸਕਿਊਰਿਟੀ ਕਾਨਫਰੰਸ ਵਿੱਚ ਇਸਦੇ ਨਾਲ ਮੇਲ ਖਾਂਦੇ ਵਿਸੇ਼ ਉੱਤੇ ਭਾਸ਼ਣ ਤਿਆਰ ਕੀਤਾ ਸੀ ਜਿੱਥੇ ਉਨ੍ਹਾਂ ਜਮਹੂਰੀਅਤ ਲਈ ਇੱਕਜੁੱਟਤਾ ਦਾ ਮੁਜ਼ਾਹਰਾ ਕਰਨ ਦਾ ਹੋਕਾ ਦਿੱਤਾ ਸੀ।