ਚਮਕੌਰ ਸਾਹਿਬ, ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਪਿੰਡ ਭੋਜੇਮਾਜਰਾ ਵਿੱਚ ਤਰਲੋਚਨ ਸਿੰਘ ਦੇ ਲੜਕੇ ਦੀ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੀ ਸਮੁੱਚੀ ਮਾਈਨਿੰਗ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅਸਲੀ ਤੱਥ ਸਾਹਮਣੇ ਆ ਸਕਣ ਕਿ ਕਿੰਨੀ ਮਾਈਨਿੰਗ ਜਾਇਜ਼ ਹੈ ਅਤੇ ਕਿੰਨੀ ਨਾਜਾਇਜ਼। ਸ੍ਰੀ ਬਰਾੜ ਨੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਮੁੱਚੇ ਮਸਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ। ਆਗਾਮੀ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਨੂੰ ਮੁੜ ਇੱਕਜੁੱਟ ਅਤੇ ਪਹਿਲਾਂ ਦੀ ਤਰ੍ਹਾਂ ਮਜਬੂਤ ਕਰਨ ਦੀ ਲੋੜ ਹੈ। ਇਸ ਲਈ ਹਾਈਕਮਾਂਡ ਨੂੰ ਘਰੋ-ਘਰੀ ਬੈਠੇ ਟਕਸਾਲੀ ਆਗੂਆਂ ਨੂੰ ਬਣਦਾ ਸਤਿਕਾਰ ਦੇ ਕੇ ਨਾਲ ਤੋਰਨਾ ਚਾਹੀਦਾ ਹੈ ਅਤੇ ਹਮਖਿਆਲ ਪਾਰਟੀਆਂ ਨੂੰ ਨਾਲ ਲੈ ਕੇ ਵੱਡਾ ਗੱਠਜੋੜ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਨਿਰਪੱਖ ਵਿਕਾਸ ਮੰਚ ਦੇ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਕੌਂਸਲਰ ਕਿਰਪਾਲ ਸਿੰਘ ਗਿੱਲ, ਸੰਦੀਪ ਜੱਸੜਾਂ, ਪਰਵਿੰਦਰ ਸੇਖੋਂ, ਭੁਪਿੰਦਰ ਸਿੰਘ ਭੂਰਾ, ਵਰਿੰਦਰ ਵਿੱਕੀ ਤੇ ਹੋਰ ਹਾਜ਼ ਸਨ।