ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਵੱਲੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ਿਕਾਇਤ ਦੀ ਜਾਂਚ ਦੌਰਾਨ 41 ਨੰਬਰ ਫਲੈਟ ਵਿੱਚ ਸਾਬਕਾ ਅਕਾਲੀ ਵਿਧਾਇਕ ਦੇ ਕਥਿਤ ਗੈਰਕਾਨੂੰਨੀ ਕਬਜ਼ੇ ਦਾ ਮਾਮਲਾ ਸਾਹਮਣੇ ਆਉਣ ’ਤੇ ਅੱਜ ਪੰਜਾਬ ਐਮਐਲਏ ਹੋਸਟਲ ਵਿੱਚ ਗਰਮਾ ਗਰਮੀ ਵਾਲਾ ਮਾਹੌਲ ਬਣ ਗਿਆ।
ਵਿਧਾਨ ਸਭਾ ਚੋਣਾਂ ਵਿੱਚ ਕੁਲਬੀਰ ਸਿੰਘ ਜ਼ੀਰਾ ਨੇ ਜ਼ੀਰਾ ਹਲਕੇ ਤੋਂ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਨੂੰ ਹਰਾਇਆ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਹ ਨੇਮਾਂ ਦੇ ਖ਼ਿਲਾਫ਼ ਹੈ ਅਤੇ ਉਨ੍ਹਾਂ ਇਸ ਸਬੰਧੀ ਰਿਪੋਰਟ ਮੰਗੀ ਹੈ।
ਪੰਜਾਬ ਵਿਧਾਨ ਸਭਾ ਦੇ ਰਿਕਾਰਡ ਵਿੱਚ ਅਪਰੈਲ 11, 2017 ਨੂੰ ਫਲੈਟ ਦਾ ਕਬਜ਼ਾ ਸਾਬਕਾ ਅਕਾਲੀ ਵਿਧਾਇਕ ਹਰੀ ਸਿਘ ਜ਼ੀਰਾ ਤੋਂ ਲੈ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਦੇ ਦਿੱਤਾ ਗਿਆ ਸੀ। ਨੌਂ ਮਹੀਨੇ (ਇਸ ਵਰ੍ਹੇ 25 ਜਨਵਰੀ ਨੂੰ) ਬਾਅਦ ਢਿੱਲੋਂ ਵੱਲੋਂ ਸਪੀਕਰ ਨੂੰ ਇਹ ਲਿਖੇ ਜਾਣ ਕਿ ਉਨ੍ਹਾਂ ਨੂੰ ਫਲੈਟ ਨਹੀਂ ਚਾਹੀਦਾ ਹੈ, ਇਹ ਫਲੈਟ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅਲਾਟ ਕਰ ਦਿੱਤਾ ਗਿਆ ਸੀ।
ਅੱਜ ਸ਼ਾਮ ਜਦੋਂ ਕੁਲਬੀਰ ਸਿੰਘ ਜ਼ੀਰਾ ਫਲੈਟ ’ਤੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਫਲੈਟ ਵਿੱਚ ਬਿਜਲੀ ਗੈਰਕਾਨੂੰਨੀ ਤਰੀਕੇ ਨਾਲ ਵਰਤੀ ਜਾ ਰਹੀ ਸੀ। ਸ਼ਿਕਾਇਤ ਦਾ ਨੋਟਿਸ ਲੈਂਦਿਆਂ ਵਿਧਾਨ ਸਭਾ ਦੇ ਡਿਪਟੀ ਸਕੱਤਰ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਪੁੱਜੀ ਟੀਮ ਨੂੰ ਪਤਾ ਚੱਲਿਆ ਕਿ ਫੈਲਟ ਦੀ ਬਿਜਲੀ ਗੈਰਕਾਨੂੰਨੀ ਤਰੀਕੇ ਨਾਲ ਵਰਤੀ ਜਾ ਰਹੀ ਸੀ ਜਦੋਂ ਕਿ ਫਲੈਟ ਬੰਦ ਸੀ।
ਕੁਲਬੀਰ ਜ਼ੀਰਾ ਨੇ ਕਿਹਾ ਕਿ ਬੀਤੇ ਨੌਂ ਮਹੀਨੇ ਤੋਂ ਫਲੈਟ ਗੈਰਕਾਨੂੰਨੀ ਤਰੀਕੇ ਨਾਲ ਹਰੀ ਸਿੰਘ ਜ਼ੀਰਾ ਦੇ ਕਬਜ਼ੇ ਵਿੱਚ ਸੀ ਅਤੇ ਬਿਜਲੀ ਗੈਰਕਾਨੂੰਨੀ ਤਰੀਕੇ ਨਾਲ ਵਰਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜੋ ਇਸ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਵੇ। ਉਨ੍ਹਾਂ ਅਲਾਟਮੈਂਟ ਲਈ ਜ਼ਿੰਮੇਵਾਰ ਪੀਡਬਲਿਊਡੀ ਅਧਿਕਾਰੀਆਂ ’ਤੇ ਗੁੱਸਾ ਕੱਢਿਆ। ਅਮਰੀਕ ਸਿੰਘ ਢਿੱਲੋਂ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਸ ਨੇ ਫਲੈਟ ਵਾਪਸ ਕਰਨ ਸਮੇਂ ਹਰੀ ਸਿੰਘ ਨੂੰ ਫਲੈਟ ਖਾਲੀ ਕਰਨ ਲਈ ਕਿਹਾ ਸੀ। ਦੂਜੇ ਪਾਸੇ ਹਰੀ ਸਿੰਘ ਜ਼ੀਰਾ ਦੇ ਪੁੱਤਰ ਅਵਤਾਰ ਸਿਘ ਨੇ ਇਸ ਦਾਅਵੇ ਦਾ ਵਿਰੋਧ ਕਰਦਿਆਂ ਕਿਹਾ, ‘‘ਸ੍ਰੀ ਢਿੱਲੋਂ ਨੇ ਉਨ੍ਹਾਂ ਨੂੰ ਆਪਣਾ ਸਾਮਾਨ ਇਥੇ ਰੱਖਣ ਦੀ ਇਜਾਜ਼ਤ ਦਿੱਤੀ ਸੀ। ਉਹ ਇਥੇ ਨਹੀਂ ਰਹਿ ਰਹੇ ਸੀ, ਸਗੋਂ ਸਿਰਫ ਸਾਮਾਨ ਹੀ ਰੱਖਿਆ ਹੋਇਆ ਸੀ। ਨੇਮਾਂ ਅਨੁਸਾਰ ਢਿੱਲੋਂ ਨੂੰ ਇਹ ਫਲੈਟ 24 ਫਰਵਰੀ 2017 ਤਕ ਖਾਲੀ ਕਰਨਾ ਸੀ। ਇਸ ਤੋਂ ਇਲਾਵਾ ਕੋਈ ਮਾਮਲਾ ਨਹੀਂ ਹੈ।’’