ਪੇਈਚਿੰਗ, ਜਾਪਾਨ ਦੀ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨਾਓਮੀ ਓਸਾਕਾ ਨੇ ਅੱਜ ਅਮਰੀਕਾ ਦੀ ਜੇਸਿਕਾ ਪੇਗੁਲਾ ਨੂੰ ਹਰਾ ਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਦੂਜੇ ਪਾਸੇ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਗਾਰਬਾਈਨ ਮੁਗੁਰੂਜ਼ਾ ਦੇਰ ਰਾਤ ਤੱਕ ਚੱਲੇ ਸ਼ੁਰੂਆਤੀ ਗੇੜ ਵਿੱਚ ਅਮਰੀਕਾ ਦੀ ਸੋਫ਼ੀਆ ਕੇਨਿਨ ਤੋਂ ਹਾਰ ਕੇ ਬਾਹਰ ਹੋ ਗਈ।
ਸਾਬਕਾ ਅੱਵਲ ਨੰਬਰ ਖਿਡਾਰਨ ਅਤੇ ਚੌਥਾ ਦਰਜਾ ਪ੍ਰਾਪਤ ਓਸਾਕਾ ਨੇ 26 ਗ਼ਲਤੀਆਂ ਕਰਨ ਦੇ ਬਾਵਜੂਦ ਜੇਸਿਕਾ ’ਤੇ 6-3, 7-6 ਨਾਲ ਜਿੱਤ ਹਾਸਲ ਕੀਤੀ। ਵੀਨਸ ਵਿਲੀਅਮਜ਼ ਨੇ ਬਾਰਬੋਰਾ ਸਟਰਾਈਕੋਵਾ ’ਤੇ 6-3, 4-6, 7-5 ਦੀ ਜਿੱਤ ਨਾਲ ਅਗਲੇ ਗੇੜ ਵਿੱਚ ਥਾਂ ਬਣਾਈ। ਵੀਨਸ ਦੀ ਭੈਣ ਸੇਰੇਨਾ ਗੋਡੇ ਦੀ ਸਮੱਸਿਆ ਕਾਰਨ ਇੱਥੇ ਨਹੀਂ ਖੇਡ ਰਹੀ।
ਮੁਗੁਰੂਜ਼ਾ ਟੂਰਨਾਮੈਂਟ ਵਿੱਚ ਦੇਰ ਰਾਤ ਤੱਕ ਚੱਲੇ ਸ਼ੁਰੂਆਤੀ ਗੇੜ ਵਿੱਚ ਅਮਰੀਕਾ ਦੀ ਸੋਫ਼ੀਆ ਕੇਨਿਨ ਤੋਂ ਹਾਰ ਕੇ ਬਾਹਰ ਹੋ ਗਈ। ਇਹ ਪਹਿਲੇ ਗੇੜ ਦਾ ਮੁਕਾਬਲਾ ਰਾਤ ਦੇ ਇੱਕ ਵਜੇ ਸ਼ੁਰੂ ਹੋਇਆ ਅਤੇ ਦੋ ਵਜ ਕੇ 31 ਮਿੰਟ ਤੱਕ ਚੱਲਿਆ, ਜਿਸ ਕਾਰਨ ਪ੍ਰਬੰਧਕਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਨਿਨ ਨੇ ਇਸ ਦੇਰ ਰਾਤ ਤੱਕ ਚੱਲੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ 6-0, 2-6, 6-2 ਨਾਲ ਜਿੱਤ ਹਾਸਲ ਕੀਤੀ। ਪਰ ਇਸ ਮੈਚ ਮਗਰੋਂ 15ਵਾਂ ਦਰਜਾ ਪ੍ਰਾਪਤ ਖਿਡਾਰਨ ਨੇ ਕਿਹਾ ਕਿ ਉਹ ਰਾਤ ਦੇ ਮੁਕਾਬਲੇ ਮਗਰੋਂ ਮਾਨਸਿਕ ਤੌਰ ’ਤੇ ਥੱਕੀ ਹੋਈ ਸੀ। 25 ਸਾਲ ਦੀ ਮੁਗੁਰੂਜ਼ਾ ਨੇ 2016 ਵਿੱਚ ਫਰੈਂਚ ਓਪਨ ਅਤੇ ਇੱਕ ਸਾਲ ਮਗਰੋਂ ਵਿੰਬਲਡਨ ਖ਼ਿਤਾਬ ਆਪਣੀ ਝੋਲੀ ਪਾਇਆ ਸੀ।