ਉੱਤਰੀ-ਮੱਧ ਨਾਈਜੀਰੀਆ ਦੇ ਨਾਈਜਰ ਰਾਜ ਵਿੱਚ ਸ਼ਨੀਵਾਰ ਨੂੰ ਲਗਭਗ 100 ਯਾਤਰੀਆਂ ਨੂੰ ਲੈ ਜਾ ਰਹੀ ਇੱਕ ਕਿਸ਼ਤੀ ਪਲਟ ਗਈ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲਾਪਤਾ ਹੋ ਗਏ ਹਨ। ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਅਧਿਕਾਰੀ ਇਬਰਾਹਿਮ ਹੁਸੈਨੀ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਨੂੰ ਨਾਈਜਰ ਰਾਜ ਦੇ ਸ਼ਿਰੋਰੋ ਖੇਤਰ ਦੇ ਗੁਮੂ ਪਿੰਡ ਨੇੜੇ ਵਾਪਰਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ।
ਨਾਈਜੀਰੀਆ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਅਧਿਕਾਰੀ ਇਬਰਾਹਿਮ ਹੁਸੈਨੀ ਨੇ ਘਟਨਾ ਬਾਰੇ ਇੱਕ ਅਪਡੇਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਹਾਲਾਂਕਿ, ਇਹ ਕੰਮ ਸੀਮਤ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜ਼ਿਆਦਾਤਰ ਇਲਾਕਾ ਹਥਿਆਰਬੰਦ ਗਿਰੋਹਾਂ ਦੇ ਕੰਟਰੋਲ ਹੇਠ ਹੈ। ਇਬਰਾਹਿਮ ਹੁਸੈਨੀ ਨੇ ਇਹ ਵੀ ਕਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।
ਨਾਈਜਰ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਅਧਿਕਾਰੀ ਯੂਸਫ਼ ਲੇਮੂ ਨੇ ਕਿਹਾ ਕਿ ਕਿਸ਼ਤੀ ਤੋਂ 26 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਸਥਾਨਕ ਅਧਿਕਾਰੀ ਇਸਿਆਕੂ ਅਕੀਲੂ ਨੇ ਕਿਹਾ ਕਿ ਹਾਦਸੇ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਸਾਰੇ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਓਵਰਲੋਡਿੰਗ ਕਾਰਨ ਹੋਇਆ ਹੈ। ਕਿਸ਼ਤੀ ਚਾਲਕ ਯੂਨੀਅਨ ਦੇ ਮੈਂਬਰ, ਆਦਮੂ ਅਹਿਮਦ ਨੇ ਪੁਸ਼ਟੀ ਕੀਤੀ ਕਿ ਕਿਸ਼ਤੀ ਓਵਰਲੋਡ ਸੀ।