ਵੈਟੀਕਨ ਸਿਟੀ: ਇਸਾਈਆਂ ਦੇ ਸਭ ਤੋਂ ਵੱਡੇ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਦੇਹਾਂਤ ਹੋ ਗਿਆ ਹੈ। ਵੈਟੀਕਨ ਕੈਮਰਲੇਂਗੋ ਕਾਰਡੀਨਲ ਕੇਵਿਨ ਫੈਰੇਲ ਨੇ ਕਿਹਾ ਹੈ ਕਿ ਪੋਪ ਫਰਾਂਸਿਸ ਨੇ ਸੋਮਵਾਰ ਨੂੰ ਰੋਮ ਦੇ ਸਮੇਂ ਅਨੁਸਾਰ ਸਵੇਰੇ 7:35 ਵਜੇ ਆਖਰੀ ਸਾਹ ਲਏ। ਉਹ 88 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਫੈਰੇਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੋਪ ਫਰਾਂਸਿਸ ਦਾ ਪੂਰਾ ਜੀਵਨ ਪਰਮਾਤਮਾ ਅਤੇ ਚਰਚ ਦੀ ਸੇਵਾ ਲਈ ਸਮਰਪਿਤ ਸੀ। ਉਹ ਹਮੇਸ਼ਾ ਲੋਕਾਂ ਨੂੰ ਪਿਆਰ ਅਤੇ ਹਿੰਮਤ ਨਾਲ ਜਿਉਣਾ ਸਿਖਾਉਂਦੇ ਸਨ। ਪੋਪ ਫਰਾਂਸਿਸ ਦੇ ਦੇਹਾਂਤ ਤੋਂ ਬਾਅਦ, ਹੁਣ ਇੱਕ ਨਵੇਂ ਪੋਪ ਦੀ ਚੋਣ ਕੀਤੀ ਜਾਵੇਗੀ। ਕਾਰਡੀਨਲ ਇਕੱਠੇ ਇੱਕ ਨਵੇਂ ਪੋਪ ਦੀ ਚੋਣ ਕਰਨਗੇ।

ਪੋਪ ਫਰਾਂਸਿਸ ਦਾ ਜਨਮ 17 ਦਸੰਬਰ, 1936 ਨੂੰ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਹੋਇਆ ਸੀ। ਉਹਨਾਂ ਦਾ ਅਸਲੀ ਨਾਮ ਜੋਰਜ ਮਾਰੀਓ ਬਰਗੋਗਲੀਓ ਸੀ। ਉਹਨਾਂ ਨੇ 13 ਮਾਰਚ 2013 ਨੂੰ ਰੋਮਨ ਕੈਥੋਲਿਕ ਚਰਚ ਦੇ ਸਭ ਤੋਂ ਉੱਚੇ ਧਾਰਮਿਕ ਆਗੂ ਪੋਪ ਦਾ ਅਹੁਦਾ ਸੰਭਾਲਿਆ। ਰੋਮ ਦੇ ਬਿਸ਼ਪ ਅਤੇ ਵੈਟੀਕਨ ਦੇ ਮੁਖੀ ਨੂੰ ਪੋਪ ਕਿਹਾ ਜਾਂਦਾ ਹੈ। ਪੋਪ ਫਰਾਂਸਿਸ ਲਾਤੀਨੀ ਅਮਰੀਕਾ ਤੋਂ ਆਉਣ ਵਾਲੇ ਪਹਿਲੇ ਪੋਪ ਸਨ। ਪੋਪ ਫਰਾਂਸਿਸ ਨੇ ਆਪਣੇ ਕਾਰਜਕਾਲ ਦੌਰਾਨ ਚਰਚ ਵਿੱਚ ਸੁਧਾਰਾਂ ਨੂੰ ਉਤਸ਼ਾਹਿਤ ਕੀਤਾ। ਉਹ ਮਾਨਵਤਾਵਾਦੀ ਖੇਤਰ ਵਿੱਚ ਆਪਣੇ ਕੰਮ ਲਈ ਵੀ ਜਾਣੇ ਜਾਂਦੇ ਸਨ।

ਪੋਪ ਫਰਾਂਸਿਸ ਈਸਟਰ ‘ਤੇ ਦੇਖੇ ਗਏ ਸਨ

ਪੋਪ ਫਰਾਂਸਿਸ ਈਸਟਰ ਐਤਵਾਰ ਨੂੰ ਸੇਂਟ ਪੀਟਰਜ਼ ਸਕੁਏਅਰ ਵਿੱਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਥੋੜ੍ਹੇ ਸਮੇਂ ਲਈ ਪ੍ਰਗਟ ਹੋਏ ਅਤੇ ਇੱਕ ਜਨਤਕ ਸਮਾਗਮ ਵਿੱਚ ਸ਼ਾਮਲ ਹੋਏ। ਪੋਪ ਫਰਾਂਸਿਸ ਨੇ ਵੀ ਲੋਕਾਂ ਨੂੰ ਈਸਟਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਹਾਲਾਂਕਿ, ਪੋਪ ਫਰਾਂਸਿਸ ਨੇ ਈਸਟਰ ਪ੍ਰਾਰਥਨਾ ਵਿੱਚ ਹਿੱਸਾ ਨਹੀਂ ਲਿਆ।

ਪੋਪ ਫਰਾਂਸਿਸ ਨੂੰ ਕੁਝ ਸਮਾਂ ਪਹਿਲਾਂ ਨਮੂਨੀਆ ਹੋਇਆ ਸੀ। ਉਨ੍ਹਾਂ ਦੀ ਸਿਹਤ ਬਹੁਤ ਵਿਗੜ ਗਈ ਸੀ ਪਰ ਹਾਲ ਹੀ ਦੇ ਦਿਨਾਂ ਵਿੱਚ ਉਹ ਇਸ ਤੋਂ ਠੀਕ ਹੋ ਰਹੇ ਸਨ। ਪਰ ਸੋਮਵਾਰ ਨੂੰ, ਉਹਨਾਂ ਦੀ ਅਚਨਚੇਤ ਮੌਤ ਦੀ ਖ਼ਬਰ ਦੇ ਦੁਨੀਆ ‘ਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ।