ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਇਸ ਗੱਲ ਦੀ ਖ਼ੁਸ਼ੀ ਹੈ ਕਿ ਨਸਿ਼ਆਂ ਬਾਰੇ ਹੁਣ ਵਿਚਾਰ-ਚਰਚਾ ਹੋਣ ਲੱਗ ਪਈ ਹੈ। ਇਸ ਮਾਮਲੇ `ਤੇ ਬਹੁਤ ਗੰਭੀਰਤਾ ਨਾਲ ਕੇਂਦਰ ਵੱਲੋਂ ਛੇਤੀ ਕੋਈ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਜਦੋਂ ਉਹ 2002 ਤੋਂ ਲੈ ਕੇ 2007 ਤੱਕ ਸੱਤਾ `ਚ ਸਨ, ਤਦ ਵੀ ਉਨ੍ਹਾਂ ਇਹ ਮੁੱਦਾ ਚੁੱਕਿਆ ਸੀ। ‘ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਮੱਧ ਪ੍ਰਦੇਸ਼ ਤੇ ਰਾਜਸਥਾਨ `ਚ ਨਸ਼ੇ ਉਗਾਉਣ ਤੇ ਉਨ੍ਹਾਂ ਦਾ ਵਪਾਰ ਕਰਨ ਦੀ ਇਜਾਜ਼ਤ ਦੇ ਦੇਵੋ ਤੇ ਉਹ ਨਸ਼ੇ ਫਿਰ ਸਾਡੇ ਪੰਜਾਬ `ਚ ਸਮੱਗਲ ਹੋਣ ਅਤੇ ਨੌਜਵਾਨਾਂ ਦੀਆਂ ਜਾਨਾਂ ਖ਼ਤਰੇ `ਚ ਪੈਣ।`
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸੇ ਲਈ ਪੂਰੇ ਦੇਸ਼ ਦੀ ਬਾਕਾਇਦਾ ਇੱਕ ਡ੍ਰੱਗ ਪਾਲਿਸੀ ਹੋਣੀ ਚਾਹੀਦੀ ਹੈ ਤੇ ਇਹ ਫ਼ੈਸਲਾ ਕਿਸੇ ਪ੍ਰਣਾਲੀਬੱਧ ਤਰੀਕੇ ਨਾਲ ਲਿਆ ਜਾਣਾ ਚਾਹੀਦਾ ਹੈ ਕਿ ਫ਼ਾਰਮਾਸਿਊਟੀਕਲ (ਦਵਾ) ਉਦਯੋਗ ਲਈ ਕਿੱਥੇ ਕਿੰਨੇ ਨਸ਼ੇ ਦੀ ਪੈਦਾਵਾਰ ਕੀਤੀ ਜਾਣੀ ਚਾਹੀਦੀ ਹੈ। ਇਹ ਮੁੱਦਾ ਪੂਰੀ ਤਰ੍ਹਾਂ ਹੱਲ ਹੋਣਾ ਚਾਹੀਦਾ ਹੈ।
ਇੱਥੇ ਵਰਨਣਯੋਗ ਹੈ ਕਿ ਕੱਲ੍ਹ ਹੀ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਸੂਬੇ `ਚ ਅਫ਼ੀਮ ਤੇ ਭੁੱਕੀ ਦੀ ਪੈਦਾਵਾਰ ਦੀ ਕਾਨੂੰਨੀ ਇਜਾਜ਼ਤ ਮਿਲਣੀ ਚਾਹੀਦੀ ਹੈ। ਉਸ ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਧਰਮਵੀਰ ਗਾਂਧੀ ਨੇ ਵੀ ਇਹੋ ਜਿਹੀ ਇਜਾਜ਼ਤ ਦਿੱਤੇ ਜਾਣ ਦੀ ਗੱਲ ਕੀਤੀ ਸੀ। ਉਸ ਤੋਂ ਵੀ ਪਹਿਲਾਂ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਹੋ ਗੱਲ ਕੀਤੀ ਸੀ।