ਕਿੰਗਸਟਨ, 8 ਜੂਨ
ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦਿਆਂ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਇਆ ਸੀ। ਸੈਮੀ ਨੇ ਇਹ ਦੋਸ਼ ਅਮਰੀਕਾ ਵਿਚ ਅਫਰੀਕੀ ਮੂਲ ਦੇ ਜਾਰਜ ਫਲੌਇਡ ਦੀ ਹੱਤਿਆ ਤੋਂ ਬਾਅਦ ਦੁਨੀਆ ਭਰ ਵਿਚ ਚੱਲ ਰਹੇ ‘ਬਲੈਕ ਲਿਵਜ਼ ਮੈਟਰ’ ਮੁਹਿੰਮ ਤੋਂ ਬਾਅਦ ਲਗਾਇਆ ਹੈ।ਸੈਮੀ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਲਿਖਿਆ, “ਮੈਨੂੰ ਹੁਣੇ ਪਤਾ ਲੱਗ ਗਿਆ ਹੈ ਕਿ ਕਾਲੂ ਦਾ ਕੀ ਅਰਥ ਹੈ। ਜਦੋਂ ਮੈਂ ਆਈਪੀਐਲ ਵਿਚ ਸਨਰਾਈਜ਼ਰਜ਼ ਲਈ ਖੇਡਦਾ ਸੀ, ਉਹ ਮੈਨੂੰ ਅਤੇ (ਤੀਸਰਾ) ਪਰੇਰਾ ਨੂੰ ਇਸ ਨਾਮ ਨਾਲ ਬੁਲਾਉਂਦੇ ਸਨ। ਮੈਂ ਸੋਚਦਾ ਸੀ ਇਸ ਦਾ ਅਰਥ ਮਜ਼ਬੂਤ ਵਿਅਕਤੀ ਹੈ। ਮੈਂ ਇਸ ਗੱਲ ਦਾ ਗੁੱਸਾ ਹੈ।’ ਉਸ ਨੇ ਇਹ ਨਹੀਂ ਕਿਹਾ ਕਿ ਉਸਦੇ ਵਿਰੁੱਧ ਇਹ ਟਿੱਪਣੀ ਕਦੋਂ ਅਤੇ ਕਿਸ ਨੇ ਕੀਤੀ। ਸੈਮੀ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੂੰ ਜਾਤੀਵਾਦ ਵਿਰੁੱਧ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ। ਉਸ ਨੇ ਆਪਣੇ ਆਖਰੀ ਟਵੀਟ ਵਿੱਚ ਕਿਹਾ, “ਆਈਸੀਸੀ ਅਤੇ ਹੋਰ ਬੋਰਡ ਇਹ ਨਹੀਂ ਦੇਖ ਰਹੇ ਕਿ ਮੇਰੇ ਵਰਗੇ ਲੋਕਾਂ ਨਾਲ ਕੀ ਹੋ ਰਿਹਾ ਹੈ। ਕੀ ਤੁਸੀਂ ਮੇਰੇ ਵਰਗੇ ਲੋਕਾਂ ਵਿਰੁੱਧ ਹੋ ਰਹੀ ਸਮਾਜਿਕ ਬੇਇਨਸਾ ਖ਼ਿਲਾਫ ਨਹੀਂ ਬੋਲਣ ਵਾਲੇ। ਇਹ ਸਿਰਫ ਇੱਕ ਅਮਰੀਕਾ ਨਾਲ ਸਬੰਧਤ ਮੁੱਦਾ ਨਹੀਂ ਹੈ।’ ਸੈਮੀ ਨੇ ਵੈਸਟਇੰਡੀਜ਼ ਲਈ 38 ਟੈਸਟ, 126 ਇਕ ਦਿਨਾਂ ਅਤੇ 68 ਟੀ-20 ਮੈਚ ਖੇਡੇ ਸਨ। ਉਸਦੀ ਅਗਵਾਈ ਵਿਚ ਵੈਸਟਇੰਡੀਜ਼ ਨੇ ਦੋ ਵਾਰ ਟੀ -20 ਵਿਸ਼ਵ ਕੱਪ ਜਿੱਤਿਆ।