ਮਾਨਸਾ, 11 ਅਗਸਤ

ਨਸ਼ਿਆਂ ਖਿਲਾਫ਼ ਇਥੇ ਜਾਰੀ ਪੱਕੇ ਮੋਰਚੇ ਵਿੱਚ ਸ਼ਾਮਲ ਅਮਰਜੀਤ ਕੌਰ ਦੀ ਕੱਲ੍ਹ ਹੋਈ ਮੌਤ ਮਗਰੋਂ ਅੱਜ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਮੋਰਚੇ ਦੇ ਮੰਚ ਤੋਂ ਡੀਐੱਸਪੀ ਪ੍ਰਿਤਪਾਲ ਸਿੰਘ ਵੱਲੋਂ ਕੀਤੇ ਗਏ ਇਸ ਐਲਾਨ ਮਗਰੋਂ ਦੇਰ ਸ਼ਾਮ ਪਿੰਡ ਖਿਆਲਾ ਕਲਾਂ ਵਿੱਚ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਡੀਐੱਸਪੀ ਨੇ ਕਿਹਾ ਕਿ ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸੀਪਾਲ ਸਿੰਘ ਦਾ ਅਚਾਨਕ ਤਬਾਦਲਾ ਹੋ ਜਾਣ ਕਾਰਨ ਅੱਜ ਮੁਆਵਜ਼ਾ ਰਾਸ਼ੀ ਦਾ ਚੈੱਕ ਨਹੀਂ ਕੱਟਿਆ ਜਾ ਸਕਿਆ ਅਤੇ ਨਵੇਂ ਡਿਪਟੀ ਕਮਿਸ਼ਨਰ ਭਲਕੇ ਆਪਣਾ ਅਹੁਦਾ ਸੰਭਾਲਣਗੇ, ਜਿਸ ਮਗਰੋਂ ਜਥੇਬੰਦਕ ਆਗੂਆਂ ਦੀ ਮੌਜੂਦਗੀ ਵਿੱਚ ਪਰਿਵਾਰਕ ਮੈਂਬਰਾਂ ਨੂੰ ਚੈੱਕ ਸਮੇਤ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਤੇ ਕਰਜ਼ੇ ’ਤੇ ਲੀਕ ਫੇਰਨ ਸਬੰਧੀ ਦਸਤਾਵੇਜ਼ ਸੌਂਪੇ ਜਾਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਸਮੇਤ ਕਰਜ਼ੇ ’ਤੇ ਲੀਕ ਮਾਰਨ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡੌਂਕਦਾ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅੱਜ ਸਵੇਰੇ ਇਸ ਮਾਮਲੇ ਬਾਰੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਤੇ ਮੋਰਚੇ ਵੱਲੋਂ ਰੱਖੀਆਂ ਮੰਗਾਂ ਨੂੰ ਵਿਚਾਰਿਆ। ਇਸ ਮਗਰੋਂ ਮੰਗਾਂ ਸਬੰਧੀ ਹੋਏ ਫ਼ੈਸਲੇ ਬਾਰੇ ਮੰਚ ਤੋਂ ਜਾਣੂ ਕਰਵਾਉਣ ਮਗਰੋਂ ਸਿਵਲ ਹਸਪਤਾਲ ਵਿੱਚ ਰੱਖੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ।