ਮਾਨਸਾ, 12 ਸਤੰਬਰ

ਨਸ਼ਿਆਂ ਖ਼ਿਲਾਫ਼ ਡਟਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਮੁਕਤਸਰ ਦੀ ਜੇਲ੍ਹ ’ਚੋਂ ਅੱਜ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਉਸ ਦੀ ਰਿਹਾਈ ’ਤੇ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਅਤੇ ਐਂਟੀ ਡਰੱਗ ਟਾਸਕ ਫੋਰਸ ਨੇ ਲੋਕ ਸੰਘਰਸ਼ ਅਤੇ ਏਕਤਾ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਉਹ ਲਗਪਗ ਦੋ ਮਹੀਨਿਆਂ ਤੋਂ ਜੇਲ੍ਹ ’ਚ ਨਜ਼ਰਬੰਦ ਸੀ ਅਤੇ ਉਸੇ ਦਿਨ ਤੋਂ ਹੀ ਥਾਣਾ ਸਿਟੀ-2 ਸਾਹਮਣੇ ਜਥੇਬੰਦਕ ਧਿਰਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਭਾਰੀ ਦਬਾਅ ਹੇਠ ਮਾਨਸਾ ਪੁਲੀਸ ਪ੍ਰਸ਼ਾਸਨ ਨੇ ਸਾਰੀਆਂ ਕਾਨੂੰਨੀ ਅੜਚਨਾਂ ਦੂਰ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਦੇ ਸਾਰੇ ਰਸਤੇ ਖੋਲ੍ਹ ਦਿੱਤੇ ਹਨ। ਅਦਾਲਤੀ ਕਾਰਵਾਈਆਂ ਨੂੰ ਪੂਰਦਿਆਂ ਜਿਉਂ ਹੀ ਪੁਲੀਸ ਅਤੇ ਝੋਟਾ ਖ਼ਿਲਾਫ਼ ਦਰਖ਼ਾਸਤ ਦੇਣ ਵਾਲਿਆਂ ਨੇ ਦਰਖ਼ਾਸਤ ਵਾਪਸ ਲੈਣ ਦੇ ਬਿਆਨ ਕਲਮਬੰਦ ਕਰਵਾਏ ਤਾਂ ਅਦਾਲਤ ਨੇ ਪਰਵਿੰਦਰ ਸਿੰਘ ਦੀ ਰਿਹਾਈ ਦੇ ਹੁਕਮ ਕਰ ਦਿੱਤੇ। ਪਰਵਿੰਦਰ ਦੇ ਪਿਤਾ ਸਾਬਕਾ ਫੌਜੀ ਭੀਮ ਸਿੰਘ ਨੇ ਆਪਣੇ ਪੁੱਤ ਦੀ ਰਿਹਾਈ ਨੂੰ ਲੋਕ ਏਕੇ ਦੀ ਵੱਡੀ ਜਿੱਤ ਕਰਾਰ ਦਿੰਦਿਆਂ ਉਸ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਨਸ਼ਾ ਰੋਕੂ ਮੁਹਿੰਮ ਮਜ਼ਬੂਤ ਹੋਣ ਦਾ ਦਾਅਵਾ ਕੀਤਾ। ਉਸ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਭਾਵੇਂ ਪੁੱਤਰ ਦੇ ਜੇਲ੍ਹ ਜਾਣ ਤੋਂ ਬਾਅਦ ਘਰ ਦੀ ਰੌਣਕ ਗੁੰਮ ਹੋ ਗਈ ਸੀ ਪਰ ਉਸ ਦੇ ਮਨੋਰਥ ਨੇ ਜਿਹੜਾ ਮਾਣ ਤੇ ਸਤਿਕਾਰ ਪਰਿਵਾਰ ਨੂੰ ਦਿਵਾਇਆ ਹੈ, ਉਹ ਵੱਡੀ ਪ੍ਰਾਪਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ (ਮੀਡੀਆ) ਮਨਜੀਤ ਸਿੰਘ ਸਿੱਧੂ ਨੇ ਮਾਨਸਾ ਜ਼ਿਲ੍ਹੇ ਦੇ ਦੋ ਵਿਧਾਇਕਾਂ ਪ੍ਰਿੰਸੀਪਲ ਬੁੱਧਰਾਮ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਐੱਸਐੱਸਪੀ ਡਾ. ਨਾਨਕ ਸਿੰਘ ਦੀ ਮੌਜੂਦਗੀ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਅਤੇ ਪਰਵਿੰਦਰ ਦੀ ਛੇਤੀ ਰਿਹਾਈ ਲਈ ਭਰੋਸਾ ਦਿੱਤਾ ਸੀ। ਇਸ ਤੋਂ ਪਹਿਲਾਂ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਭਾਈ ਗੁਰਸੇਵਕ ਸਿੰਘ ਜਵਾਹਰਕੇ, ਬੋਘ ਸਿੰਘ, ਅਮਨ ਪਟਵਾਰੀ ਤੇ ਗਗਨ ਸ਼ਰਮਾ ਨੇ ਇਸ ਨੂੰ ਪੂਰੇ ਪੰਜਾਬ ਦੀ ਜਿੱਤ ਦੱਸਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਵਿੱਚ ਪੱਕੇ ਝੰਡੇ ਗੱਡ ਚੁੱਕੇ ਹਨ। ਇਸੇ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਭਰੋਸਾ ਦਿੱਤਾ ਗਿਆ, ਉਸ ਨੂੰ ਸਿਰੇ ਚੜ੍ਹਾਇਆ ਗਿਆ ਹੈ।