ਚੰਡੀਗੜ੍ਹ, ਪੰਜਾਬ ਪੁਲੀਸ ਦੇ ਦੋ ਅਫ਼ਸਰਾਂ ’ਤੇ ਖ਼ਤਰੇ ਦੀ ਤਲਵਾਰ ਲਟਕਣ ਲੱਗੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਕਾਇਮ ਕੀਤੀ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੇ ਅਧਿਕਾਰੀਆਂ ਨੇ ਇਨ੍ਹਾਂ ਦੋ ਪੁਲੀਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦਾ ਮੁੱਢ ਬੰਨ੍ਹ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਸਟੀਐਫ ਨਾਲ ਜੁੜੇ ਪੁਲੀਸ ਅਧਿਕਾਰੀਆਂ ਵੱਲੋਂ ਦੋਹਾਂ ਪੁਲੀਸ ਅਫ਼ਸਰਾਂ ਖ਼ਿਲਾਫ਼ ਨਸ਼ਿਆਂ ਦੀ ਤਸਕਰੀ ’ਚ ਸ਼ਮੂਲੀਅਤ ਦੇ ਤੱਥ ਇਕੱਤਰ ਕੀਤੇ ਗਏ ਹਨ ਅਤੇ ਜਲਦੀ ਮਾਮਲਾ ਮੁੱਖ ਮੰਤਰੀ ਦੇ ਧਿਆਨ ’ਚ ਲਿਆ ਕੇ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਸੂਤਰਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ’ਚ ਘਿਰੇ ਦੋਹਾਂ ਪੁਲੀਸ ਅਫ਼ਸਰਾਂ ਨੂੰ ਦੋ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ‘ਥਾਪੜਾ’ ਦਿੱਤਾ ਜਾ ਰਿਹਾ ਹੈ। ਇਸ ਲਈ ਐਸਟੀਐਫ ਵੱਲੋਂ ਪੁਖ਼ਤਾ ਸਬੂਤ ਜੁਟਾ ਕੇ ਹੀ ਕਾਰਵਾਈ ਕੀਤੀ ਜਾਵੇਗੀ। ਐਸਟੀਐਫ ਦੇ ਸੂਤਰਾਂ ਮੁਤਾਬਕ ਲੁਧਿਆਣਾ ਤੇ ਅੰਮ੍ਰਿਤਸਰ ਨਾਲ ਸਬੰਧਤ ਦੋ ਵਿਅਕਤੀਆਂ ਵੱਲੋਂ ਨਸ਼ਿਆਂ ਦੀ ਵੱਡੇ ਪੱਧਰ ’ਤੇ ਤਸਕਰੀ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਜਾਲ ਵਿਛਾਇਆ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਦੋ ਵੱਡੇ ਤਸਕਰਾਂ ਦੀ ਗ੍ਰਿਫ਼ਤਾਰੀ ਨਾਲ ਵੀ ਕਈ ਵੱਡੇ ਭੱਦਰਪੁਰਸ਼ਾਂ ਦੇ ਚਿਹਰਿਆਂ ਤੋਂ ਪਰਦਾ ਉੱਠ ਸਕਦਾ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲੀਸ ਦੇ ਜਿਹੜੇ ਦੋ ਅਫ਼ਸਰਾਂ ਖ਼ਿਲਾਫ਼ ਬਰਖ਼ਾਸਤਗੀ ਤਕ ਕਾਰਵਾਈ ਹੋਣ ਦੇ ਆਸਾਰ ਹਨ, ਉਨ੍ਹਾਂ ਦੇ ਨਾਮ ਬਰਤਰਫ਼ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਬਾਅਦ ਨਸ਼ਿਆਂ ਦੀ ਤਸਕਰੀ ਦੇ ਮਾਮਲੇ ’ਚ ਸਾਹਮਣੇ ਆਏ ਸਨ। ਐਸਟੀਐਫ ਨਾਲ ਜੁੜੇ ਇੱਕ ਪੁਲੀਸ ਅਫ਼ਸਰ ਨੇ ਦੱਸਿਆ ਕਿ ਦੋ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਦਖ਼ਲ ਕਾਰਨ ਐਸਟੀਐਫ ਨੇ ਇਨ੍ਹਾਂ ਪੁਲੀਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਤਾਂ ਨਹੀਂ ਕੀਤੀ ਪਰ ਅੰਦਰਖਾਤੇ ਸਬੂਤ ਇਕੱਤਰ ਕਰਨ ਦਾ ਕੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਐਸਟੀਐਫ ਦੇ ਅਧਿਕਾਰੀਆਂ ਨੇ ਇਕ ਪੁਲੀਸ ਅਫ਼ਸਰ ਤੇ ਮੁਲਾਜ਼ਮਾਂ ਤੋਂ ਪੁੱਛ ਪੜਤਾਲ ਵੀ ਕੀਤੀ ਸੀ। ਉਸ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਕੁੱਝ ਸੀਨੀਅਰ ਪੁਲੀਸ ਅਫ਼ਸਰਾਂ ਵੱਲੋਂ ਇੰਦਰਜੀਤ ਦੀ ਪੁਸ਼ਤਪਨਾਹੀ ਕਰਨ ਦੇ ਤੱਥ ਸਾਹਮਣੇ ਰੱਖੇ ਸਨ।
ਪੁਲੀਸ ਵਿਭਾਗ ਵਿੱਚ ਇਹ ਵੀ ਚਰਚਾ ਹੈ ਕਿ ਪੁਲੀਸ ਅਧਿਕਾਰੀਆਂ ਵਿਚਲੀ ਧੜੇਬੰਦੀ ਕਾਰਨ ਐਸਟੀਐਫ ਵੱਲੋਂ ਇੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਬਾਅਦ ਇੱਕਦਮ ਖਾਮੋਸ਼ੀ ਧਾਰ ਲਈ ਸੀ। ਮੁੱਖ ਮੰਤਰੀ ਨੇ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਸ਼ਕਤੀਸ਼ਾਲੀ ਬਣਾਉਂਦਿਆਂ ਸਰਹੱਦੀ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਐਸਟੀਐਫ ਦੇ ਮੁਖੀ ਅਧੀਨ ਕਰ ਦਿੱਤਾ ਸੀ। ਇਸ ਨਾਲ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਵੀ ਤਕੜਾ ਝਟਕਾ ਲੱਗਾ ਸੀ।