ਮੁੰਬਈ, 31 ਦਸੰਬਰ
ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਮੰਗਣੀ ਦੀਆਂ ਕਿਆਸਅਰਾਈਆਂ ਦਰਮਿਆਨ ਇਹ ਜੋੜਾ ਨੀਤੂ ਕਪੂਰ ਸਣੇ ਮੰਗਲਵਾਰ ਨੂੰ ਮੁੰਬਈ ਏਅਰਪੋਰਟ ਤੋਂ ਰਾਜਸਥਾਨ ਲਈ ਰਵਾਨਾ ਹੋਇਆ, ਜਿਥੇ ਉਹ ਰਣਥੰਭੋਰ ਨੈਸ਼ਨਲ ਪਾਰਕ ਨੇੜੇ ਅਮਨ-ਏ-ਖਾਸ ਰਿਜ਼ੌਰਟ ਵਿੱਚ ਰੁਕੇ ਹੋਏ ਹਨ। ਇਥੇ ਹੀ ਆਲੀਆ ਤੇ ਰਣਬੀਰ ਦੀ ਮੰਗਣੀ ਹੋਣ ਦੀ ਚਰਚਾ ਹੈ।
ਜ਼ਿਕਰਯੋਗ ਹੈ ਕਿ ਅਦਾਕਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਵੀ ਨਵੇਂ ਸਾਲ ਦੇ ਜਸ਼ਨਾਂ ਲਈ ਅਮਨ-ਏ-ਖਾਸ ਰਿਜ਼ੌਰਟ ਵਿੱਚ ਠਹਿਰੇ ਹੋਏ ਹਨ। ਇੰਸਟਾਗ੍ਰਾਮ ਪੋਸਟਾਂ ਮੁਤਾਬਿਕ ਸਟਾਰ ਜੋੜਾ ਰਣਬੀਰ ਤੇ ਆਲੀਆ ਦੀ ਮੰਗਣੀ ਦੇ ਸਮਾਗਮ ਵਿੱਚ ਸ਼ਮੂਲੀਅਤ ਕਰੇਗਾ। ਇਸ ਤੋਂ ਇਲਾਵਾ ਫਿਲਮ ਨਿਰਮਾਤਾ ਕਰਨ ਜੌਹਰ ਵੱਲੋਂ ਵੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਧਰ ਨਿਊਜ਼ ਪੋਰਟਲ ਇੰਡੀਅਨ ਐਕਸਪ੍ਰੈੱਸ ਨਾਲ ਗੱਲਬਾਤ ਕਰਦਿਆਂ ਰਣਬੀਰ ਕਪੂਰ ਦੇ ਚਾਚਾ ਰਣਧੀਰ ਕਪੂਰ ਨੇ ਉਨ੍ਹਾਂ ਦੀਆਂ ਮੰਗਣੀ ਸਬੰਧੀ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੱਚ ਨਹੀਂ ਹੈ, ਜੇਕਰ ਰਣਬੀਰ ਤੇ ਆਲੀਆ ਮੰਗਣੀ ਕਰਦੇ ਤਾਂ ਉਹ ਤੇ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਨਾਲ ਹੁੰਦਾ। ਉਨ੍ਹਾਂ ਦੱਸਿਆ ਕਿ ਰਣਬੀਰ, ਆਲੀਆ ਤੇ ਨੀਤੂ ਨਵਾਂ ਸਾਲ ਮਨਾਉਣ ਲਈ ਛੁੱਟੀਆਂ ’ਤੇ ਗਏ ਹਨ। ਉਨ੍ਹਾਂ ਕਿਹਾ ਕਿ ਰਣਬੀਰ ਦੀ ਮੰਗਣੀ ਨਾਲ ਸਬੰਧਤ ਖ਼ਬਰਾਂ ਗ਼ਲਤ ਹਨ। ਇਸ ਤੋਂ ਪਹਿਲਾਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਰਣਬੀਰ ਤੇ ਆਲੀਆ ਭੱਟ ਦਸੰਬਰ 2020 ਵਿੱਚ ਵਿਆਹ ਕਰਵਾ ਸਕਦੇ ਹਨ, ਪਰ ਕੋਵਿਡ-19 ਮਹਾਮਾਰੀ ਕਾਰਨ ਵਿਆਹ ਅੱਗੇ ਪਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ ਤੋਂ ਕੁਝ ਪਰਿਵਾਰਕ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜੋ ਕ੍ਰਿਸਮਸ ਮੌਕੇ ਆਲੀਆ ਭੱਟ ਨੇ ਖਿੱਚੀਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਆਲੀਆ, ਰਣਬੀਰ ਕਪੂਰ ਨਾਲ ਬੈਠੀ ਨਜ਼ਰ ਆ ਰਹੀ ਹੈ।