ਮੁੰਬਈ, 26 ਮਾਰਚ

ਅਦਾਕਾਰ-ਕਾਮੇਡੀਅਨ ਕਪਿਲ ਸ਼ਰਮਾ ਦਾ ਕਾਮੇਡੀ ਚੈਟ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਜਲਦੀ ਹੀ ਨਵੇਂ ਸੀਜ਼ਨ ਨਾਲ ਵਾਪਸੀ ਕਰ ਰਿਹਾ ਹੈ। ਸ਼ੋਅ ਦੇ ਮੇਜ਼ਬਾਨ ਹੋਣ ਦੇ ਨਾਤੇ ਕਪਿਲ ਦਾ ਕਹਿਣਾ ਹੈ ਕਿ ਉਹ ਆਪਣੀ ਟੀਮ ਵਿੱਚ ਕੁੱਝ ਨਵੇਂ ਚਿਹਰੇ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸ਼ੋਅ ਵਿੱਚ ਪਹਿਲਾਂ ਹੀ ਕ੍ਰਿਸ਼ਨਾ ਅਭਿਸ਼ੇਕ, ਕਿੱਕੂ ਸ਼ਾਰਧਾ, ਭਾਰਤੀ ਸਿੰਘ, ਸੁਮੋਨਾ ਚਕਰਵਰਤੀ, ਚੰਦਨ ਪ੍ਰਭਾਕਰ ਅਤੇ ਅਰਚਨਾ ਪੂਰਨ ਸਿੰਘ ਕੰਮ ਕਰ ਰਹੇ ਹਨ। ਕਪਿਲ ਨੇ ਕਿਹਾ, ‘‘ਮੈਂ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਹੁਨਰਮੰਦ ਕਲਾਕਾਰਾਂ ਅਤੇ ਲੇਖਕਾਂ ਦਾ ਸੁਆਗਤ ਕਰਦਿਆਂ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ। ਇਸ ਲਈ ਮਨੋਰੰਜਨ ਪ੍ਰਤੀ ਸਹੀ ਜਨੂੰਨ ਰੱਖਣ ਵਾਲੇ, ਹਮ-ਖਿਆਲੀ ਸੋਚ ਵਾਲੇ ਅਤੇ ਸੂਝਵਾਨ ਵਿਅਕਤੀਆਂ ਨਾਲ ਮੁਲਾਕਾਤ ਦੀ ਉਮੀਦ ਕਰਦਾ ਹਾਂ।’’ ਸ਼ੋਅ ਦੇ ਸਹਿ-ਨਿਰਮਾਤਾ ਸਲਮਾਨ ਖ਼ਾਨ ਟੈਲੀਵਿਜ਼ਨ(ਐੱਸਕੇਟੀਵੀ) ਅਤੇ ਬਨੀਜੈ ਏਸ਼ੀਆ ਹਨ। ਐੱਸਕੇਟੀਵੀ ਦੇ ਸੀਈਓ ਨਦੀਮ ਕੁਰੈਸ਼ੀ ਨੇ ਕਿਹਾ, ‘‘ਜਿਵੇਂ ਕਪਿਲ ਸ਼ਰਮਾ ਸਮੇਤ ਸ਼ੋਅ ਦੇ ਬਾਕੀ ਕਲਾਕਾਰਾਂ ਨੇ ਦੇਸ਼ ਵਿੱਚ ਚੰਗਾ ਨਾਮ ਕਮਾਇਆ, ਅਸੀਂ ਹਰ ਰੋਜ਼ ਕੋਸ਼ਿਸ਼ ਕਰ ਰਹੇ ਹਾਂ ਕਿ ਦਰਸ਼ਕਾਂ ਨੂੰ ਹਰ ਰੋਜ਼ ਕੁਝ ਨਵਾਂ ਅਤੇ ਰੌਚਕ ਦੇਖਣ ਨੂੰ ਮਿਲੇ। ਨਵੇਂ ਕਲਾਕਾਰਾਂ ਅਤੇ ਟੀਮ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਇਹੀ ਸਹੀ ਮੌਕਾ ਹੈ।’’ ਇਸੇ ਤਰ੍ਹਾਂ ਬਨੀਜੈ ਏਸ਼ੀਆ ਦੇ ਫਾਊਂਡਰ ਅਤੇ ਸੀਈਓ ਦੀਪਕ ਧਰ ਨੇ ਕਿਹਾ, ‘‘ਸਾਲਾਂ ਤੋਂ ‘ਦਿ ਕਪਿਲ ਸ਼ਰਮਾ ਸ਼ੋਅ’ ਨੇ ਆਪਣੇ ਪ੍ਰਸ਼ੰਸਕਾਂ ਦਾ ਭਰੋਸਾ ਜਿੱਤਿਆ ਹੈ। ਕਪਿਲ ਨੇ ਹਾਜ਼ਰ-ਜੁਆਬ ਕਾਮੇਡੀ ਅਤੇ ਸਕਰੀਨ ’ਤੇ ਸਹੀ ਸਮੇਂ ਉੱਤੇ ਮੌਜੂਦਗੀ ਨਾਲ ਇੱਕ ਚੰਗਾ ਨਾਮ ਬਣਾਇਆ ਹੈ। ਅਸੀਂ ਫਿਰ ਤੋਂ ਦਰਸ਼ਕਾਂ ਦੇ ਮਨੋਰੰਜਨ ਲਈ ਇੱਕ ਨਵੀਂ ਸ਼ੁਰੂਆਤ ਕਰਦਿਆਂ ਆਪਣੀ ਟੀਮ ਦੇ ਵਿਸਥਾਰ ਵੱਲ ਧਿਆਨ ਦੇ ਰਹੇ ਹਾਂ।’’