ਰਾਹੁਲ ਗਾਂਧੀ ਵੱਲੋਂ ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ ਨੂੰ ਭਾਰਤ ਦੀ ਰੂਹ ‘ਤੇ ਕੀਤਾ ਗਿਆ ਹਮਲਾ ਕਰਾਰ
ਖੇਤੀ ਸੈਕਟਰ ਲਈ ਮਜ਼ਦੂਰਾਂ ਦੀ ਬਜਾਏ ਮਸ਼ੀਨਾਂ ਦੀ ਵਰਤੋਂ ਕਰਿਆ ਕਰਨਗੇ ਪੂੰਜੀਪਤੀ-ਰਾਹੁਲ ਗਾਂਧੀ ਨੇ ਕੀਤਾ ਸਾਵਧਾਨ
ਭਵਾਨੀਗੜ੍ਹ/ਸੰਗਰੂਰ, 5 ਅਕਤੂਬਰ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਭਾਰਤ ਦੀ ਰੂਹ ‘ਤੇ ਕੀਤਾ ਗਿਆ ਹਮਲਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਮੁਲਕ ‘ਤੇ ਮਾਰੂ ਅਸਰ ਪਾਉਣ ਵਾਲੇ ਇਨ੍ਹਾਂ ਕਾਨੂੰਨਾਂ ਦਾ ਰਾਹ ਰੋਕਣ ਲਈ ਜੋ ਵੀ ਮਤਾ ਜਾਂ ਬਿੱਲ ਪਾਸ ਕਰਨ ਦੀ ਲੋੜ ਪਈ ਤਾਂ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਵਿੱਚ ਪਾਸ ਕਰੇਗੀ।
ਤਿੰਨ ਦਿਨਾ ‘ਖੇਤੀ ਬਚਾਓ ਯਾਤਰਾ’ ਦੇ ਦੂਜੇ ਦਿਨ ਭਵਾਨੀਗੜ੍ਹ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਨ ਮੌਕੇ ਮੁੱਖ ਮੰਤਰੀ ਨੇ ਅਹਿਦ ਲੈਂਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਦੇ ਤਬਾਹ ਕਰਨ ਦੇਣ ਵਾਲੇ ਪ੍ਰਭਾਵ ਤੋਂ ਕਿਸਾਨਾਂ ਦੇ ਹਿੱਤ ਮਹਿਫੂਜ਼ ਰੱਖਣ ਲਈ ਜੋ ਕੁਝ ਵੀ ਕਰਨਾ ਪਿਆ, ਉਹ ਕਰਾਂਗੇ।
ਮੰਡੀਕਰਨ ਢਾਂਚਾ ਅਤੇ ਘੱਟੋ-ਘੱਟ ਸਮਰਥਨ ਪ੍ਰਣਾਲੀ ਨੂੰ ਖਤਨ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਦੋਵੇਂ ਪ੍ਰਣਾਲੀਆਂ ਨੂੰ ਭਾਰਤ ਦੇ ਖੇਤੀਬਾੜੀ ਸੈਕਟਰ ਦੀ ਦੀਵਾਰ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਦਾ ਲੱਕ ਤੋੜਨ ਵਿੱਚ ਸਫਲ ਹੋ ਜਾਂਦੀ ਹੈ ਤਾਂ ਸਮੁੱਚਾ ਮੁਲਕ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀਆਂ ਦਾ ਗੁਲਾਮ ਹੋ ਜਾਵੇਗਾ। ਉਨ੍ਹਾਂ ਨੇ ਸਾਵਧਾਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਰਤ ਨਾਲ ਉਹੋ ਕੁਝ ਹੀ ਕਰ ਰਹੀ ਹੈ ਜੋ ਕੁਝ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਹੜੀ ਵਸਤ ਲਈ ਲੋਕ ਹੁਣ 10 ਰੁਪਏ ਅਦਾ ਕਰ ਰਹੇ ਹਨ, ਉਹੀ ਵਸਤ ਕਾਰਪੋਰੇਟ ਰਾਜ ਵਿੱਚ 50 ਰੁਪਏ ਦੀ ਮਿਲਿਆ ਕਰੇਗੀ। ਇਹ ਪੈਸਾ ਕਿਸਾਨਾਂ ਜਾਂ ਮਜ਼ਦੂਰਾਂ ਦੀ ਜੇਬ ਵਿੱਚ ਨਹੀਂ ਜਾਵੇਗਾ ਸਗੋਂ ਕਾਰਪੋਰੇਟ ਘਰਾਣਿਆਂ ਦੀਆਂ ਜੇਬਾਂ ਭਰੇਗਾ।
ਰਾਹੁਲ ਗਾਂਧੀ ਨੇ ਅੱਗੇ ਸਾਵਧਾਨ ਕਰਦਿਆਂ ਕਿਹਾ ਕਿ ਅੰਬਾਨੀ ਅਤੇ ਅਡਾਨੀ ਖੇਤੀ ਸੈਕਟਰ ਦੇ ਕਾਰਜਾਂ ਲਈ ਮਜ਼ਦੂਰਾਂ ਦੀ ਵਰਤੋਂ ਨਹੀਂ ਕਰਨਗੇ ਸਗੋਂ ਇਸ ਦੀ ਬਜਾਏ ਮਸ਼ੀਨਾਂ ਤੋਂ ਕੰਮ ਲੈਣਗੇ ਜਿਸ ਨਾਲ ਲੱਖਾਂ ਲੋਕ ਰੋਜ਼ਗਾਰ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਕਿਸਾਨਾਂ ਨੂੰ ਇਨ੍ਹਾਂ ਉਦਯੋਗਪਤੀਆਂ ਨਾਲ ਸੌਦੇਬਾਜ਼ੀ ਕਰਨ ਲਈ ਮਜਬੂਰ ਕਰ ਦਿੱਤਾ ਜਾਵੇਗਾ ਅਤੇ ਇੱਥੋਂ ਤੱਕ ਕਿ ਸੂਬੇ ਦਾ ਪ੍ਰਸ਼ਾਸਨ ਅਤੇ ਪੁਲੀਸ ਵੀ ਇਨ੍ਹਾਂ ਦੀ ਮਦਦ ਕਰਨ ਦੇ ਯੋਗ ਨਹੀਂ ਰਹੇਗਾ।
ਟਰੈਕਟਰ ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਸੰਗਰੂਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਚਿਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਉਪਰ ਮਾਰੂ ਹਮਲੇ ਨਾਲ ਸਮੁੱਚਾ ਮੁਲਕ ਤਬਾਹੀ ਦੇ ਕੰਢੇ ‘ਤੇ ਪਹੁੰਚ ਜਾਵੇਗਾ। ਇਹ ਟਰੈਕਟਰ ਰੈਲੀ ਭਵਾਨੀਗੜ੍ਹ, ਫਤਹਿਗੜ੍ਹ ਛੰਨਾ, ਬਾਹਮਣਾ ਰਾਹੀਂ ਹੁੰਦੀ ਹੋਈ ਪਟਿਆਲਾ ਜ਼ਿਲ੍ਹੇ ਵਿੱਚ ਸਮਾਣਾ ਦੀ ਅਨਾਜ ਮੰਡੀ ਵਿੱਚ ਇਕ ਹੋਰ ਰੈਲੀ ਨਾਲ ਸਮਾਪਤ ਹੋਵੇਗੀ।
ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਅਧੀਨਗੀ ਵਾਲੇ ਅਜਿਹੇ ਕਦਮਾਂ ਤੋਂ ਡਰਨ ਵਾਲੇ ਨਹੀਂ ਹਨ। ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਾਂਗਰਸੀ ਨੇਤਾ ਨੇ ਕਿਹਾ ਕਿ ਕੋਵਿਡ ਦਾ ਸਾਹਮਣਾ ਕਰਦੇ ਹੋਏ ਪੰਜਾਬ ਅਤੇ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਕਿਸਾਨ ਆਪਣੇ ਹੱਕਾਂ ਦੀ ਖਾਤਰ ਸੜਕਾਂ ‘ਤੇ ਉਤਰ ਕੇ ਆਵਾਜ਼ ਬੁਲੰਦ ਕਰਨਗੇ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਸਨ ਜਿਨ੍ਹਾਂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਹ ਸਰਕਾਰ ਕਿਸਾਨ-ਆੜ੍ਹਤੀ ਦਰਮਿਆਨ ਪਰਖੇ ਹੋਏ ਰਿਸ਼ਤੇ ਨੂੰ ਖੇਰੂੰ-ਖੇਰੂੰ ਕਰਕੇ ਖੇਤੀਬਾੜੀ ਨੂੰ ਅਡਾਨੀ ਅਤੇ ਅੰਬਾਨੀ ਵਰਗੇ ਵੱਡੇ ਕਾਰਪੋਰੇਟਾਂ ਦੇ ਹੱਥਾਂ ਵਿੱਚ ਦੇਣ ‘ਤੇ ਤੁਲੀ ਹੋਈ ਹੈ।
ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਤੋਂ ਪਿੱਛੇ ਨਹੀਂ ਹਟੇਗੀ। ਕਾਂਗਰਸੀ ਨੇਤਾ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਕਿਸਾਨਾਂ ਨੂੰ ਵੱਡੇ ਉਦਯੋਗਪਤੀਆਂ ਦੇ ਰਹਿਮੋ-ਕਰਮ ‘ਤੇ ਛੱਡ ਦੇਣਗੇ ਅਤੇ ਕਿਸਾਨ ਨਾ ਤਾਂ ਲੜਾਈ ਲੜਨ ਦੇ ਸਮਰੱਥ ਰਹਿਣਗੇ ਅਤੇ ਨਾ ਹੀ ਕਿਸੇ ਕੋਲ ਸਹਾਇਤ ਲਈ ਜਾ ਸਕਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨ ਭਾਈਚਾਰੇ ਨੂੰ ਬਰਬਾਦੀ ਦੇ ਰਾਹ ਪਾ ਦੇਣਗੇ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮੁਖਾਤਬ ਹੁੰਦਿਆਂ ਕਿਹਾ,”ਕੀ ਤੁਸੀਂ ਲੋੜ ਪੈਣ ‘ਤੇ ਮਦਦ ਮੰਗਣ ਲਈ ਅੰਡਾਨੀ ਅਤੇ ਅੰਬਾਨੀ ਵਰਗਿਆ ਕੋਲ ਜਾਵੋਗੇ ਜਦਕਿ ਹੁਣ ਤਾਂ ਤੁਸੀਂ ਆੜ੍ਹਤੀਏ ਕੋਲ ਚਲੇ ਜਾਂਦੇ ਹੋ?” ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਕ ਵਾਰ ਜਦੋਂ ਇਨ੍ਹਾਂ ਉਦਯੋਗਪਤੀਆਂ ਨੇ ਖਾਧ ਪਦਾਰਥਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਕਰ ਲਿਆ ਤਾਂ ਹਰੇਕ ਪਰਿਵਾਰ ਨੂੰ ਉਪਜ ਖਰੀਦਣ ਲਈ ਤਿੰਨ ਗੁਣਾ ਅਦਾ ਕਰਨਾ ਪਵੇਗਾ ਜਿਸ ਨਾਲ ਬਰਬਾਦੀ ਹੋਵੇਗੀ ਅਤੇ ਇਸ ਦਾ ਸੇਕ ਸਮੁੱਚੇ ਮੁਲਕ ਨੂੰ ਸਹਿਣਾ ਪਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਨਾਲ ਸਿਰਫ ਕਿਸਾਨ ਹੀ ਜ਼ਮੀਨ ਅਤੇ ਰੋਜ਼ੀ-ਰੋਟੀ ਤੋਂ ਮੁਥਾਜ ਨਹੀਂ ਹੋਣਗੇ ਸਗੋਂ ਕਿਸਾਨੀ ਨਾਲ ਜੁੜੇ ਮੰਡੀਕਰਨ ਦੇ ਢਾਂਚੇ ਅਤੇ ਅਨਾਜ ਖਰੀਦਣ ਦੀ ਲੜੀ ਟੁੱਟ ਜਾਣ ਨਾਲ ਲੋਕ ਵੀ ਰੋਜ਼ਗਾਰ ਤੋਂ ਵਿਹੂਣੇ ਹੋ ਜਾਣਗੇ।
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਮੌਜੂਦਾ ਸਿਸਟਮ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ ਅਤੇ ਇਸ ਦੀਆਂ ਕਮੀਆਂ ਦੂਰ ਕੀਤੀ ਜਾਣ ਨਾ ਕਿ ਇਸ ਨੂੰ ਤਬਾਹ ਕਰ ਦਿੱਤਾ ਜਾਵੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਲਈ ਉਤਾਵਲੇ ਜਾਪਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਤਾਂ ਆਪਣੇ ਉਦਯੋਗਿਕ ਮਿੱਤਰਾਂ ਲਈ ਰਾਹ ਸਾਫ਼ ਕਰ ਰਿਹਾ ਹੈ।
ਰਾਹੁਲ ਗਾਂਧੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਵਾਅਦਾ ਪੂਰਾ ਨਾ ਕਰ ਸਕਣ ਤੋਂ ਬਾਅਦ ਹੁਣ ਖੇਤੀਬਾੜੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਨੌਕਰੀਆਂ ਅੰਬਾਨੀ ਤੇ ਅਡਾਨੀ ਨੇ ਪੈਦਾ ਨਹੀਂ ਕੀਤੀਆਂ ਸਗੋਂ ਛੋਟੇ ਕਾਰੋਬਾਰੀਆਂ ਅਤੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਨੇ ਪੈਦਾ ਕੀਤੀਆਂ ਹਨ ਜਿਸ ਨੂੰ ਮੋਦੀ ਨੇ ਨੋਟਬੰਦੀ ਅਤੇ ਜੀ.ਐਸ.ਟੀ. ਵਰਗੀਆਂ ਮਾੜੀਆਂ ਨੀਤੀਆਂ ਰਾਹੀਂ ਤਬਾਹੀ ਦੇ ਕੰਢੇ ‘ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਮੋਦੀ ਆਪਣੀਆਂ ਨੀਤੀਆਂ ਰਾਹੀਂ ਗਰੀਬਾਂ ਨੂੰ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਆਮ ਲੋਕਾਂ ਦਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਬੈਂਕਾਂ ਰਾਹੀਂ ਵੱਡੇ ਉਦਯੋਗਪਤੀਆਂ ਦੀਆਂ ਜੇਬਾਂ ਵਿਚ ਪਾ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਜੀ.ਐਸ.ਟੀ ਨਾਲ ਛੋਟੇ ਤੇ ਦਰਮਿਆਨੇ ਉਦਯੋਗਾਂ ਅਤੇ ਛੋਟੇ ਵਪਾਰੀਆਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ। ਇੱਥੋਂ ਤੱਕ ਕੇ ਕੋਵਿਡ ਦੇ ਸੰਕਟ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਪੂੰਜੀਪਤੀ ਮਿੱਤਰਾਂ ਦੀ ਮਦਦ ਲਈ ਵਰਤਿਆ ਅਤੇ ਇਨ੍ਹਾਂ ਦੇ ਕਰਜ਼ੇ ਅਤੇ ਟੈਕਸਾਂ ‘ਤੇ ਲੀਕ ਫੇਰ ਦਿੱਤੀ ਗਈ ਜਾਂ ਫਿਰ ਘਟਾ ਦਿੱਤੇ ਗਏ।
‘ਕੈਪਟਨ ਪਾਣੀਆਂ ਦਾ ਰਾਖਾ ਜ਼ਿੰਦਾਬਾਦ’ ਦੇ ਨਾਅਰਿਆਂ ਦਰਮਿਆਨ ਮੁੱਖ ਮੰਤਰੀ ਨੇ ਮਾਲਵਾ ਪੱਟੀ ਦਾ ਕੇਂਦਰ ਬਿੰਦੂ ਕਹੇ ਜਾਂਦੇ ਇਲਾਕੇ ਜੋ ਕਣਕ ਤੇ ਝੋਨੇ ਦਾ ਸਭ ਤੋਂ ਵੱਧ ਝਾੜ ਪੈਦਾ ਕਰਦੇ ਹਨ, ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਹਰੇਕ ਵਾਅਦੇ ਤੋਂ ਪਿੱਠ ਵਿਖਾਈ ਹੈ, ਚਾਹੇ ਉਹ ਜੀ.ਐਸ.ਟੀ ਦਾ ਸੰਵਿਧਾਨਕ ਵਾਅਦਾ ਹੋਵੇ ਜਾਂ ਫਿਰ ਰੁਜ਼ਗਾਰ ਜਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਪੰਜਾਬ ਨੂੰ ਜੀ.ਐਸ.ਟੀ ਵਿੱਚੋਂ ਆਪਣਾ ਹਿੱਸਾ ਹੀ ਨਹੀਂ ਮਿਲਿਆ ਜਿਸ ਨਾਲ ਸੂਬੇ ਨੂੰ ਕੋਵਿਡ ਦੇ ਸੰਕਟ ਦੇ ਪ੍ਰਬੰਧਨ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਆਖਰੀ ਦਮ ਤੱਕ ਕਿਸਾਨਾਂ ਦੀ ਲੜਾਈ ਲੜੇਗੀ। ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਬਣਨ ‘ਤੇ ਤੁਰੰਤ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਥੇ ਕਿਸਾਨਾਂ ਦੀ ਸਾਰ ਲੈਣ ਲਈ ਆਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨ ਭਾਈਚਾਰੇ ਨਾਲ ਘੋਰ ਬੇਇਨਸਾਫੀ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਗੱਲ ਦਾ ਹੀ ਪਤਾ ਨਹੀਂ ਕਿ ਪੰਜਾਬ ਵਿਚ ਖੇਤੀਬਾੜੀ ਦਾ ਕੰਮ ਕਿਸ ਤਰ੍ਹਾਂ ਚਲਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਕਾਨੂੰਨਾਂ ਨਾਲ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਿਕ ਘੱਟੋ-ਘੱਟ ਸਮਰਥਨ ਮੁੱਲ ਨੂੰ ਖਤਮ ਕਰਨ ਅਤੇ ਐਫ.ਸੀ.ਆਈ. ਦੇ ਕੰਮ ਨੂੰ ਸਮੇਟ ਦਿੱਤਾ ਜਾਵੇਗਾ।
ਇਨ੍ਹਾਂ ਕਾਨੂੰਨਾਂ ਨਾਲ ਮੰਡੀਆਂ ਦੇ ਬੰਦ ਹੋ ਜਾਣ ਤੋਂ ਸਾਵਧਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਨੂੰ ਅਜਿਹਾ ਹਰਗਿਜ਼ ਨਹੀਂ ਕਰਨ ਦੇਵੇਗੀ ਅਤੇ ਇਸ ਲਈ ਜੋ ਵੀ ਕਦਮ ਚੁੱਕਣੇ ਪਏ, ਚੁੱਕੇਗੀ ਭਾਵੇਂ ਇਨ੍ਹਾਂ ਕਾਨੂੰਨਾਂ ਖਿਲਾਫ ਵਿਧਾਨ ਸਭਾ ਦਾ ਇਜਲਾਸ ਬੁਲਾਉਣਾ ਪਵੇ ਅਤੇ ਜਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇ।
ਸੰਗਰੂਰ ਨਾਲ ਆਪਣੀ ਨੇੜਤਾ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ “ਇਹ ਮੇਰੇ ਪੁਰਖਿਆਂ ਦੀ ਧਰਤੀ ਹੈ ਅਤੇ ਇਸ ਦੀ ਪਵਿੱਤਰ ਧਰਤੀ ਨੇ ਸ਼ਹੀਦ ਊਧਮ ਸਿੰਘ ਵਰਗੇ ਸ਼ਹੀਦਾਂ ਨੂੰ ਪੈਦਾ ਕੀਤਾ, ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੀ ਮਿੱਟੀ ਨੂੰ 1919 ਵਿੱਚ ਹੋਏ ਇਸ ਦੁਖਾਂਤ ਦਾ ਬਦਲਾ ਲੈਣ ਦਾ ਚੇਤਾ ਕਰਵਾਉਣ ਲਈ ਆਪਣੇ ਕੋਲ ਰੱਖਿਆ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਸਾਨੂੰ ਅਜਿਹੇ ਨਾਇਕਾਂ ਅਤੇ ਸ਼ਹੀਦਾਂ ਤੋਂ ਪ੍ਰੇਰਨਾ ਮਿਲਦੀ ਹੈ।”
ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਵਿਜੇ ਇੰਦਰ ਸਿੰਗਲਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਇਸ ਸਮਾਗਮ ਵਿਚ ਪੰਜਾਬ ਮਾਮਲਿਆਂ ਦੇ ਏ.ਆਈ.ਸੀ.ਸੀ ਜਨਰਲ ਸਕੱਤਰ ਇੰਚਾਰਜ ਹਰੀਸ਼ ਰਾਵਤ, ਹਰਿਆਣਾ ਕਾਂਗਰਸੀ ਆਗੂ ਦੀਪੇਂਦਰ ਹੁੱਡਾ ਨੇ ਵੀ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਸਟੇਜ ਸਾਂਝੀ ਕੀਤੀ।
ਇਸ ਮੌਕੇ ਕਾਂਝਲਾ ਪਿੰਡ ਤੋਂ 4 ਏਕੜ ਜ਼ਮੀਨ ਦਾ ਮਾਲਕ ਕਿਸਾਨ ਮੁਖਤਿਆਰ ਸਿੰਘ ਵੀ ਆਇਆ ਅਤੇ ਉਸ ਨੇ ਮੁੱਖ ਮੰਤਰੀ ਅਤੇ ਹੋਰਨਾਂ ਆਗੂਆਂ ਨੂੰ ਆਪਣੇ ਦੁੱਖ ਅਤੇ ਦਰਪੇਸ਼ ਮੁਸ਼ਕਲਾਂ ਦੀ ਕਹਾਣੀ ਸੁਣਾਈ।
ਫਤਿਹਗੜ੍ਹ ਛਾਨਾ, ਬਾਹਮਣਾ (ਸਮਾਣਾ, ਜ਼ਿਲ੍ਹਾ ਪਟਿਆਲਾ) ਰਾਹੀਂ ਟਰੈਕਟਰ ਰੈਲੀ ਕੱਢਣ ਤੋਂ ਪਹਿਲਾਂ, ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਵੱਲੋਂ ਲਾਏ ‘ਕਿਸਾ