ਪੇਈਚਿੰਗ, 29 ਅਕਤੂਬਰ

ਚੀਨ ਨੇ ਅੱਜ ਕਿਹਾ ਕਿ ਉਸ ਦੇ ਨਵੇਂ ਸਰਹੱਦੀ ਜ਼ਮੀਨ ਕਾਨੂੰਨ ਦਾ ਮੌਜੂਦਾ ਸਰਹੱਦੀ ਕਰਾਰਾਂ ਦੇ ਅਮਲ ’ਤੇ ਕੋਈ ਅਸਰ ਨਹੀਂ ਪਏਗਾ। ਚੀਨ ਨੇ ਸਬੰਧਤ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਇਕ ‘ਸਾਧਾਰਨ ਕਾਨੂੰਨ’ ਨੂੰ ਲੈ ਕੇ ‘ਬੇਲੋੜੀਆਂ ਅਫ਼ਵਾਹਾਂ’ ਫੈਲਾਉਣ ਤੋਂ ਗੁਰੇਜ਼ ਕਰਨ। ਕਾਬਿਲੇਗੌਰ ਹੈ ਕਿ ਚੀਨ ਦੀ ਕੌਮੀ ਵਿਧਾਨ ਪਾਲਿਕਾ ਨੈਸ਼ਨਲ ਪੀਪਲਜ਼ ਕਾਂਗਰਸ (ਐੱਨਪੀਸੀ) ਨੇ 23 ਅਕਤੂੁਬਰ ਨੂੰ ਨਵਾਂ ਸਰਹੱਦੀ ਜ਼ਮੀਨ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਮੁੱਖ ਮੰਤਵ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਤੇ ਗੈਰਕਾਨੂੰਨੀ ਵਰਤੋਂ ਨੂੰ ਰੋਕਣਾ ਹੈ। ਭਾਰਤ ਨੇ ਚੀਨ ਦੇ ਇਸ ਨਵੇਂ ਕਾਨੂੰਨ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਇਸ ਦਾ ਸਰਹੱਦ ਬਾਰੇ ਦੁਵੱਲੇ ਸਮਝੌਤਿਆਂ ’ਤੇ ਅਸਰ ਪੈਣ ਦਾ ਖ਼ਦਸ਼ਾ ਜਤਾਇਆ ਸੀ। ਭਾਰਤ ਨੇ ਲੰਘੇ ਦਿਨ ਕਿਹਾ ਸੀ ਕਿ ਚੀਨ ਕਾਨੂੰਨ ਦੀ ‘ਆੜ’ ਵਿੱਚ ਅਜਿਹਾ ਕੋਈ ਕਦਮ ਨਾ ਚੁੱਕੇ ਜਿਸ ਨਾਲ ਸਰਹੱਦੀ ਖੇਤਰਾਂ ਦੇ ਮੌਜੂਦਾ ਹਾਲਾਤ ਨਾਲ ‘ਇਕਤਰਫ਼ਾ’ ਛੇੜਛਾੜ ਹੁੰਦੀ ਹੋਵੇ।

ਸਰਹੱਦੀ ਜ਼ਮੀਨ ਕਾਨੂੰਨ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਨ ਵੈਂਗ ਵੈੱਨਬਿਨ ਨੇ ਕਿਹਾ, ‘‘ਇਹ ਇਕ ਸਾਧਾਰਨ ਘਰੇਲੂ ਕਾਨੂੰਨ ਹੈ, ਜੋ ਸਾਡੀਆਂ ਵਾਸਤਵਿਕ ਲੋੜਾਂ ਦੀ ਪੂਰਤੀ ਦੇ ਨਾਲ ਕੌਮਾਂਤਰੀ ਵਿਹਾਰ ਦੀ ਵੀ ਪੁਸ਼ਟੀ ਕਰੇਗਾ।’’ ਵੈਂਗ ਨੇ ਭਾਰਤ ਵੱਲੋਂ ਜਤਾਏ ਫਿਕਰਾਂ ਦੇ ਜਵਾਬ ਵਿੱਚ ਕਿਹਾ, ‘‘ਇਸ ਕਾਨੂੰਨ ਦਾ ਚੀਨ ਦੇ ਮੌਜੂਦਾ ਸਰਹੱਦੀ ਕਰਾਰਾਂ ਨੂੰ ਲਾਗੂ ਕਰਨ ਦੇ ਅਮਲ ’ਤੇ ਕੋਈ ਅਸਰ ਨਹੀਂ ਪਏਗਾ ਅਤੇ ਨਾ ਹੀ ਇਸ ਕਰਕੇ ਗੁਆਂਂਢੀ ਮੁਲਕਾਂ ਨਾਲ ਸਹਿਯੋਗ ਦੇ ਸਾਡੇ ਮੌਜੂਦਾ ਵਿਹਾਰ ਵਿੱਚ ਕੋਈ ਤਬਦੀਲੀ ਆਏਗੀ।’’ ਵੈਂਗ ਨੇ ਕਿਹਾ ਕਿ ਕਾਨੂੰਨ ਦਾ ਇਹ ਮਤਲਬ ਨਹੀਂ ਕਿ ਸਰਹੱਦੀ ਹਾਲਾਤ ਨਾਲ ਜੁੜੇ ਮੁੱਦੇ ਨੂੰ ਲੈ ਕੇ ਸਾਡੀ ਪੁਜ਼ੀਸ਼ਨ ਵਿੱਚ ਕੋਈ ਤਬਦੀਲੀ ਆਏਗੀ। ਭਾਰਤ ਵੱਲੋਂ ਕਾਨੂੰਨ ਦੀ ਕੀਤੀ ਜਾ ਰਹੀ ਨੁਕਤਾਚੀਨੀ ਬਾਰੇ ਵੈਂਗ ਨੇ ਕਿਹਾ, ‘‘ਮੈਂ ਕਾਨੂੰਨ ਪਿਛਲੇ ਖਿਆਲ ਬਾਰੇ ਤੁਹਾਨੂੰ ਦੱਸ ਚੁੱਕਾ ਹਾਂ। ਅਸੀਂ ਆਸ ਕਰਦੇ ਹਾਂ ਕਿ ਸਬੰਧਤ ਮੁਲਕ ਚੀਨ ਦੇ ਇਸ ਸਾਧਾਰਨ ਕਾਨੂੰਨ ਨੂੰ ਲੈ ਕੇ ਬੇਲੋੜੀਆਂ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨਗੇ।’’