ਲਾਹੌਰ, 29 ਸਤੰਬਰ
ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਘੱਟ ਤੋਂ ਘੱਟ ਚਾਰ ਕੇਸਾਂ ਦੀ ਮੁੜ ਤੋਂ ਜਾਂਚ ਸ਼ੁਰੂ ਕਰੇਗੀ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਨਵਾਜ਼ ਸ਼ਰੀਫ ਬਰਤਾਨੀਆ ’ਚ ਚਾਰ ਸਾਲ ਦੀ ਸਵੈ-ਜਲਾਵਤਨੀ ਮਗਰੋਂ ਅਗਲੇ ਮਹੀਨੇ ਵਤਨ ਪਰਤਣਗੇ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਨਵਾਜ਼ ਸ਼ਰੀਫ ਪਾਰਟੀ ਦੀ ਚੋਣ ਮੁਹਿੰਮ ਦੀ ਅਗਵਾਈ ਕਰਨ ਲਈ 21 ਅਕਤੂਬਰ ਨੂੰ ਲੰਡਨ ਤੋਂ ਪਾਕਿਸਤਾਨ ਮੁੜਨਗੇ। ਲਾਹੌਰ ਹਾਈ ਕੋਰਟ ਵੱਲੋਂ ਚਾਰ ਹਫ਼ਤਿਆਂ ਲਈ ਜ਼ਮਾਨਤ ਦਿੱਤੇ ਜਾਣ ਮਗਰੋਂ ਨਵਾਜ਼ ਨਵੰਬਰ 2019 ’ਚ ਮੈਡੀਕਲ ਆਧਾਰ ’ਤੇ ਦੇਸ਼ ਤੋਂ ਬਾਹਰ ਚਲੇ ਗਏ ਸੀ। ਉਹ ਅਲ-ਅਜ਼ੀਜ਼ੀਆ ਮਿੱਲਜ਼ ਭ੍ਰਿਸ਼ਟਾਚਾਰ ਮਾਮਲੇ ਵਿੱਚ ਕੋਟ ਲਖਪਤ ਜੇਲ੍ਹ, ਲਾਹੌਰ ’ਚ ਸੱਤ ਸਾਲ ਕੈਦ ਦੀ ਸਜ਼ਾ ਕੱਟ ਰਹੇ ਸਨ। ਪੀਐੱਮਐੱਲ-ਐੱਨ ਦਾ ਕਹਿਣਾ ਹੈ ਕਿ ਲਾਹੌਰ ਪਹੁੰਚਣ ’ਤੇ ਨਵਾਜ਼ ਸ਼ਰੀਫ ਮੀਨਾਰ-ਏ-ਪਾਕਿਸਤਾਨ ’ਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨਵਾਜ਼ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਚਾਰ ਮਾਮਲਿਆਂ ਦੀ ਮੁੜ ਤੋਂ ਜਾਂਚ ਸ਼ੁਰੂ ਕਰੇਗਾ। ਐੱਨਏਬੀ ਸੁਪਰੀਮ ਕੋਰਟ ਦੇ ਉਨ੍ਹਾਂ ਹੁਕਮਾਂ ਦੇ ਮੱਦੇਨਜ਼ਰ ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰੇਗਾ ਜਨਿ੍ਹਾਂ ਵਿੱਚ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਹਬਿਾਜ਼ ਸ਼ਰੀਫ ਦੀ ਅਗਵਾਈ ਹੇਠਲੀ ਪਿਛਲੀ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ (ਪੀਡੀਐੱਮ) ਸਰਕਾਰ ਵੱਲੋਂ ਜਵਾਬਦੇਹੀ ਕਾਨੂੰਨ ਵਿੱਚ ਕੀਤੀ ਗਈ ਸੋਧ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਮਾਮਲੇ ਪਲਾਟਾਂ ਤੇ ਜ਼ਮੀਨਾਂ ਦੀ ਗ਼ੈਰਕਾਨੂੰਨੀ ਵੰਡ, ਉਨ੍ਹਾਂ ਦੀਆਂ ਖੰਡ ਮਿੱਲਾਂ ਦੇ ਸ਼ੇਅਰਾਂ ਦੇ ਸ਼ੱਕੀ ਤਬਾਦਲੇ ਤੇ ਤੋਸ਼ਾਖਾਨੇ ਨਾਲ ਸਬੰਧਤ ਹਨ।