ਇਸਲਾਮਾਬਾਦ, 27 ਸਤੰਬਰ

ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੂੰ ਅੱਜ ਲੰਡਨ ਦੀ ਇਕ ਕੌਫੀ ਸ਼ਾਪ ’ਤੇ ਯੂਕੇ ਵਿਚਲੇ ਪਾਕਿਸਤਾਨੀ ਮੂਲ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਕ ਵਾਇਰਲ ਹੋਈ ਵੀਡੀਓ ਵਿਚ ਪਾਕਿਸਤਾਨੀ ਮੂਲ ਦੇ ਲੋਕਾਂ ਨੇ ਮੰਤਰੀ ਨੂੰ ਘੇਰਿਆ ਹੋਇਆ ਹੈ। ਇਹ ਲੋਕ ਪਾਕਿਸਤਾਨ ’ਚ ਆਏ ਹੜ੍ਹਾਂ ਦੇ ਬਾਵਜੂਦ ਮਰੀਅਮ ਵੱਲੋਂ ਵਿਦੇਸ਼ੀ ਦੌਰਾ ਕੀਤੇ ਜਾਣ ਦੀ ਨਿਖੇਧੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮਰੀਅਮ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਹੈ। ਲੋਕਾਂ ਨੇ ਵੀਡੀਓ ਵਿਚ ‘ਚੋਰਨੀ ਚੋਰਨੀ’ ਕਹਿ ਕੇ ਉਸ ਦਾ ਵਿਰੋਧ ਕੀਤਾ। ਔਰੰਗਜ਼ੇਬ ਨੇ ਇਸ ਵੀਡੀਓ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸੇ ਦੌਰਾਨ ਪਾਕਿਸਤਾਨ ਦੇ ਹੋਰਨਾਂ ਮੰਤਰੀਆਂ ਨੇ ਮਰੀਅਮ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਔਰੰਗਜ਼ੇਬ ਨੇ ਸਥਿਤੀ ਨੂੰ ਢੁੱਕਵੇਂ ਤਰੀਕੇ ਨਾਲ ਸੰਭਾਲਿਆ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਮਰੀਅਮ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਨੇ ਘੇਰਿਆ ਸੀ। ਵੀਡੀਓ ਵਿਚ ਇਕ ਮਹਿਲਾ ਮਰੀਅਮ ਵੱਲੋਂ ਸਿਰ ’ਤੇ ਦੁਪੱਟਾ ਨਾ ਲੈਣ ਉਤੇ ਸਵਾਲ ਉਠਾ ਰਹੀ ਹੈ। ਇਸ ’ਤੇ ਪਾਕਿਸਤਾਨੀ ਪੱਤਰਕਾਰ ਸਈਦ ਤਲਤ ਹੁਸੈਨ ਨੇ ਕਿਹਾ ਕਿ ਇਮਰਾਨ ਖਾਨ ਦੀ ਨਫ਼ਰਤੀ ਤੇ ਵੰਡਪਾਊ ਸਿਆਸਤ ਦਾ ਅਸਰ ਇਸ ਵੀਡੀਓ ਵਿਚ ਝਲਕਦਾ ਹੈ। ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਸਥਿਤੀ ਨੂੰ ਸੰਭਾਲਣ ਲਈ ਮਰੀਅਮ ਦੀ ਸ਼ਲਾਘਾ ਕੀਤੀ।