ਮੁੰਬਈ, 14 ਅਪਰੈਲ

ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਗੁੜੀ ਪੜਵਾ ਅਤੇ ਨਵਰਾਤਰੀ ਮੌਕੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੀ ਮਾਤਾ ਦੀ ਪੂਜਾ ਕਰਕੇ ਉਸ ਦਾ ਆਸ਼ੀਰਵਾਦ ਲੈਣ ਦਾ ਸੁਝਾਅ ਦਿੱਤਾ। ਅਦਾਕਾਰਾ ਨੇ ਦੇਵੀ ਦੀ ਪੂਜਾ ਕਰਦੇ ਸਮੇਂ ਆਪਣੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਲਿਖਿਆ, ‘‘ਹਰ ਕਿਸੇ ਨੂੰ ਗੁੜੀ ਪੜਵਾ, ਨਵਰਾਤਿਆਂ ਅਤੇ ਨਵੇਂ ਸਾਲ ਦੀ ਵਧਾਈ। ਇਹ ਦੇਵੀ ਦੀ ਛੋਟੀ ਜਿਹੀ ਤਸਵੀਰ ਜੋ ਮੈਂ ਫੜੀ ਹੈ, ਇਹ ਮੇਰੀ ਮਾਂ ਨੇ ਮੈਨੂੰ ਘਰ ਛੱਡਣ ਵੇਲੇ ਦਿੱਤੀ ਸੀ। ਮੈਂ ਕਾਫੀ ਕੁਝ ਗਵਾ ਲਿਆ ਪਰ ਇਹ ਮੇਰੇ ਨਾਲ ਰਹੀ। ਮੈਨੂੰ ਲੱਗਦਾ ਹੈ ਕਿ ਇਹ ਮੇਰੀ ਦੇਖਭਾਲ ਕਰਦੀ ਹੈ। ਜੇ ਤੁਹਾਨੂੰ ਨਹੀਂ ਪਤਾ ਕਿ ਨਵਰਾਤਿਆਂ ’ਤੇ ਕੀ ਕਰਨਾ ਹੈ ਤਾਂ ਆਪਣੀ ਮਾਤਾ ਦੀ ਪੂਜਾ ਕਰੋ ਅਤੇ ਉਸ ਦਾ ਆਸ਼ੀਰਵਾਦ ਲਓ।’’ ਕੰਗਨਾ ਆਪਣੀ ਆਉਣ ਵਾਲੀ ਫਿਲਮ ‘ਤੇਜਸ’ ਦੀ ਤਿਆਰੀ ਕਰ ਰਹੀ ਹੈ। ਇਸ ਦਾ ਨਿਰਦੇਸ਼ਕ ਸਰਵੇਸ਼ ਮੇਵਾੜਾ ਹੈ। ਦੇਸ਼ ਵਿੱਚ ਕਰੋਨਾ ਦੀ ਦੂਜੀ ਲਹਿਰ ਕਾਰਨ ਕੰਗਨਾ ਦੀ ਫ਼ਿਲਮ ‘ਥਲਾਇਵੀ’ ਦੀ ਰਿਲੀਜ਼ ਹਾਲ ਦੀ ਘੜੀ ਟਾਲ ਦਿੱਤੀ ਗਈ ਹੈ। ਇਸ ਵਿੱਚ ਕੰਗਨਾ ਨੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੇ. ਜੈਲਲਿਤਾ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ 23 ਅਪਰੈਲ ਨੂੰ ਰਿਲੀਜ਼ ਕੀਤੀ ਜਾਣੀ ਸੀ। ਫਿਲਹਾਲ ਫ਼ਿਲਮ ਰਿਲੀਜ਼ ਦੀ ਨਵੀਂ ਤਰੀਕ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ।