ਜਲੰਧਰ, ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਭਗੌੜੇ ਕਰਾਰ ਦਿੰਦਿਆਂ ਕਿਹਾ ਕਿ ਪੰਥ ਦੇ ਨਾਂ ’ਤੇ 40 ਸਾਲ ਪੰਜਾਬ ਤੇ ਸਿੱਖ ਕੌਮ ਦਾ ਘਾਣ ਕਰਨ ਵਾਲੇ ਵਿਧਾਨ ਸਭਾ ਵਿੱਚ ਸੱਚ ਦਾ ਸਾਹਮਣਾ ਨਹੀਂ ਕਰ ਸਕੇ।
ਉਨ੍ਹਾਂ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਵਿੱਚ ਅਕਾਲੀਆਂ ਕੋਲ 13 ਸੀਟਾਂ ਹੀ ਬਚੀਆਂ ਹਨ ਤੇ ਭਵਿੱਖ ਵਿੱਚ ਇਹ ਵੀ ਨਹੀਂ ਰਹਿਣੀਆਂ। ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਦੱਸਿਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਰਿਪੋਰਟ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਦੱਸਿਆ ਗਿਆ ਤਾਂ ਫਿਰ ਅਕਾਲੀ ਬਹਿਸ ਵਿੱਚ ਹਿੱਸਾ ਲੈਣ ਤੋਂ ਕਿਉਂ ਭੱਜੇ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਨੂੰ ਅੱਧੀ ਰਾਤ ਨੂੰ ਫੋਨ ਕਿਉਂ ਕੀਤਾ? ਇਹ ਗੱਲ ਉਨ੍ਹਾਂ ਨੂੰ ਸਦਨ ਵਿੱਚ ਖੜ੍ਹ ਕੇ ਦੱਸਣੀ ਚਾਹੀਦੀ ਸੀ। ਸ੍ਰੀ ਸਿੱਧੂ ਨੇ ਕਿਹਾ ਕਿ ਫੋਨ ਵਾਲੀ ਗੱਲ ਦਾ ਖ਼ੁਲਾਸਾ ਖ਼ੁਦ ਸੁਮੇਧ ਸੈਣੀ ਨੇ ਆਪਣੇ ਹਲਫੀਆ ਬਿਆਨ ਵਿੱਚ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਹੋਰ ਅਫ਼ਸਰਾਂ ਵਿਰੁੱਧ ਐਫਆਈਆਰ ਦਰਜ ਨਾ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਐਫਆਈਆਰ ਤਾਂ ਦਸ ਸਾਲ ਬਾਅਦ ਵੀ ਦਰਜ ਹੋ ਸਕਦੀ ਹੈ, ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਤੇ ਪੰਜਾਬ ਪੁਲੀਸ ਇਸ ਦੇ ਪੂਰੀ ਤਰ੍ਹਾਂ ਸਮਰੱਥ ਹੈ, ਜਦੋਂਕਿ ਸੀਬੀਆਈ ਨੇ ਤਾਂ ਕੇਂਦਰ ਦੇ ਕਹਿਣ ’ਤੇ ਹੀ ਚੱਲਣਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਰਤਾਰਪੁਰ ਸਾਹਿਬ ਦੇ ਸੁਰੱਖਿਅਤ ਲਾਂਘੇ ਦੀ ਗੱਲ ਸਿਰੇ ਜ਼ਰੂਰ ਚੜ੍ਹੇਗੀ।