ਨਵੀਂ ਦਿੱਲੀ, 19 ਅਗਸਤ
ਸੁਪਰੀਮ ਕੋਰਟ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਨਫ਼ਰਤੀ ਭਾਸ਼ਣ ਦੇਣ ਵਾਲੇ ਹਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਭਾਵੇਂ ਉਹ ‘ਕਿਸੇ ਵੀ ਧਿਰ ਨਾਲ’ ਸਬੰਧਤ ਹੋਵੇ।
ਜਸਟਿਸ ਸੰਜੀਵ ਖੰਨਾ ਅਤੇ ਐੱਸਵੀਐੈੱਨ ਭੱਟੀ ਦੇ ਬੈਂਚ ਨੇ ਇਹ ਟਿੱਪਣੀ ਵੱਖ-ਵੱਖ ਸੂਬਿਆਂ ’ਚ ਨਫ਼ਰਤੀ ਤਕਰੀਰਾਂ ਰੋਕਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ ’ਤੇ ਸੰਖੇਪ ਸੁਣਵਾਈ ਦੌਰਾਨ ਕੀਤੀ। ਇਨ੍ਹਾਂ ਵਿੱਚ ਦਿੱਲੀ ਐੱਨਸੀਆਰ ਇਲਾਕੇ ਦੇ ਨੂਹ-ਗੁਰੂਗ੍ਰਾਮ ’ਚ ਹੋਈ ਹਾਲੀਆ ਹਿੰਸਕ ਘਟਨਾਵਾਂ ਮਗਰੋਂ ਮੁਸਲਮਾਨ ਭਾਈਚਾਰੇ ਦੇ ਬਾਈਕਾਟ ਦਾ ਸੱਦਾ ਦੇਣ ਵਾਲੇ ਹਿੰਦੂ ਸੰਗਠਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਵਾਲੀ ਪਟੀਸ਼ਨ ਵੀ ਸ਼ਾਮਲ ਸੀ। ਇੱਕ ਵਕੀਲ ਨੇ ਬੈਂਚ ਸਾਹਮਣੇ ਦਾਅਵਾ ਕੀਤਾ ਕਿ ਕੇਰਲਾ ਦੀ ਸਿਆਸੀ ਪਾਰਟੀ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਵੱਲੋਂ ਜੁਲਾਈ ਮਹੀਨੇ ਸੂਬੇ ਵਿੱਚ ਕੀਤੀ ਗਈ ਰੈਲੀ ’ਚ ਹਿੰਦੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ। ਸਿਖਰਲੀ ਅਦਾਲਤ ਨੇ ਕਿਹਾ, ‘‘ਅਸੀਂ ਬਹੁਤ ਸਪੱਸ਼ਟ ਹਾਂ। ਇਹ ਧਿਰ ਜਾਂ ਉਹ ਧਿਰ, ਉਨ੍ਹਾਂ ਨਾਲ ੲਿੱਕੋ ਜਿਹਾ ਵਿਹਾਰ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਆਪਣਾ ਕੰਮ ਕਰੇਗਾ। ਜੇਕਰ ਕੋਈ ਨਫ਼ਰਤੀ ਭਾਸ਼ਣ ਵਰਗੀ ਸਰਗਰਮੀ ’ਚ ਸ਼ਾਮਲ ਪਾਇਆ ਗਿਆ ਤਾਂ ਉਸ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇਗਾ। ਅਸੀਂ ਆਪਣੀ ਇਹ ਰਾਇ ਪਹਿਲਾਂ ਵੀ ਦੇ ਚੁੱਕੇ ਹਾਂ।’ ਜਸਟਿਸ ਖੰਨਾ ਨੇ ਕਿਹਾ ਕਿ ਸਮੇਂ ਦੀ ਘਾਟ ਕਾਰਨ ਬੈਂਚ ਅੱਜ ਮਾਮਲੇ ’ਤੇ ਹੋਰ ਸੁਣਵਾਈ ਨਹੀਂ ਕਰ ਸਕਦਾ ਕਿਉਂਕਿ ਇਸ ਕੋਲ ਬਿਹਾਰ ਜਾਤੀ ਸਰਵੇਖਣ ਨੂੰ ਚੁਣੌਤੀਆਂ ਦਿੰਦੀਆਂ ਪਟੀਸ਼ਨਾਂ ਵੀ ਸੂਚੀਬੱਧ ਹਨ। ਨਫ਼ਰਤੀ ਭਾਸ਼ਣ ਮਾਮਲਿਆਂ ਬਾਰੇ ਸਾਰੀਆਂ ਪਟੀਸ਼ਨਾਂ ’ਤੇ ਸੁਣਵਾਈ ਅਗਲੇ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ।