ਹਰਿਦੁਆਰ, 2 ਸਤੰਬਰ
ਹਰਿਦੁਆਰ ਧਰਮ ਸੰਸਦ ਮੌਕੇ ਨਫ਼ਰਤੀ ਤਕਰੀਰ ਦੇਣ ਦੇ ਮਾਮਲੇ ਵਿੱਚ ਮੁਲਜ਼ਮ ਜਤਿੰਦਰ ਨਾਰਾਇਣ ਤਿਆਗੀ ਨੇ ਅੰਤਰਿਮ ਜ਼ਮਾਨਤ ਦੀ ਮਿਆਦ ਖ਼ਤਮ ਹੋਣ ਮਗਰੋਂ ਅੱਜ ਇੱਥੇ ਇੱਕ ਅਦਾਲਤ ਕੋਲ ਆਤਮਸਮਰਪਣ ਕਰ ਦਿੱਤਾ। ਚੀਫ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਨੇ ਅਧਿਕਾਰੀਆਂ ਨੂੰ ਜੇਲ੍ਹ ਵਿੱਚ ਉਸ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ ਕਿਉਂਕਿ ਤਿਆਗੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਤਿਆਗੀ ਦੇ ਆਤਮਸਮਰਪਣ ਕਰਨ ਮੌਕੇ ਉਸ ਨਾਲ ਅਖਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਵੀ ਮੌਜੂਦ ਸਨ। ਤਿਆਗੀ ਦਾ ਪਿਛਲਾ ਨਾਮ ਵਸੀਮ ਰਿਜ਼ਵੀ ਹੈ। ਹਿੰਦੂ ਧਰਮ ਅਪਣਾਉਣ ਮਗਰੋਂ ਉਸ ਨੇ ਆਪਣਾ ਨਾਮ ਬਦਲ ਲਿਆ ਸੀ। ਸੁਪਰੀਮ ਕੋਰਟ ਨੇ ਮੈਡੀਕਲ ਆਧਾਰ ’ਤੇ ਤਿਆਗੀ ਨੂੰ 17 ਮਈ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ।