ਨਵੀਂ ਦਿੱਲੀ, 8 ਸਤੰਬਰ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੀ ਪਹਿਲੀ ਵਰ੍ਹੇਗੰਢ ਮੌਕੇ ਅੱਜ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੇਸ਼ ’ਚੋਂ ਨਫਰਤ ਖਤਮ ਕਰਨ ਤੇ ਭਾਰਤ ਦੇ ਜੁੜਨ ਤੱਕ ਜਾਰੀ ਰਹੇਗੀ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਆਪਣੀ ਚਾਰ ਹਜ਼ਾਰ ਕਿਲੋਮੀਟਰ ਲੰਮੀ ਯਾਤਰਾ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ। ਰਾਹੁਲ ਨੇ ‘ਐਕਸ’ ’ਤੇ ਲਿਖਿਆ, ‘ਭਾਰਤ ਜੋੜੋ ਯਾਤਰਾ ਦੀ ਏਕਤਾ ਤੇ ਮੁਹੱਬਤ ਵੱਲ ਕਰੋੜਾਂ ਕਦਮ, ਦੇਸ਼ ਦੇ ਬਿਹਤਰ ਭਵਿੱਖ ਦੀ ਬੁਨਿਆਦ ਬਣੇ ਹਨ। ਯਾਤਰਾ ਜਾਰੀ ਹੈ। ਨਫਰਤ ਖਤਮ ਹੋਣ ਤੱਕ, ਭਾਰਤ ਦੇ ਜੁੜਨ ਤੱਕ। ਇਹ ਮੇਰਾ ਵਾਅਦਾ ਹੈ।’ ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ 12 ਜਨਤਕ ਰੈਲੀਆਂ ਨੂੰ ਸੰਬੋਧਨ ਕੀਤਾ, ਸੌ ਤੋਂ ਵੱਧ ਨੁੱਕੜ ਮੀਟਿੰਗਾਂ ਤੇ 13 ਪ੍ਰੈੱਸ ਕਾਨਫਰੰਸਾਂ ਕੀਤੀਆਂ। ਉਨ੍ਹਾਂ ਵੱਡੀ ਗਿਣਤੀ ਲੋਕਾਂ ਨਾਲ ਮੁਲਾਕਾਤ ਤੇ ਗੱਲਬਾਤ ਵੀ ਕੀਤੀ। ਯਾਤਰਾ ਬਾਰੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਯਾਤਰਾ ਦੇਸ਼ ਦੀ ਟੁੱਟੀ ਹੋਈ ਸਮੂਹਿਕ ਚੇਤਨਾ ਨੂੰ ਮੁੜ ਤੋਂ ਜੋੜਨ ਦੀ ਇੱਕ ਇਮਾਨਦਾਰ ਕੋਸ਼ਿਸ਼ ਸੀ। ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਭਾਰਤ ਜੋੜੋ ਯਾਤਰਾ ਇੱਕ ਕੌਮੀ ਲੋਕ ਸੰਘਰਸ਼ ਸੀ ਜੋ ਇਤਿਹਾਸ ਵਿੱਚ ਬੇਮਿਸਾਲ ਹੈ।’ ਉਨ੍ਹਾਂ ਯਾਤਰਾ ਦਾ ਇੱਕ ਸਾਲ ਪੂਰਾ ਹੋਣ ’ਤੇ ਰਾਹੁਲ ਗਾਂਧੀ ਤੇ ਭਾਰਤ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਲਈ ਇਹ ਯਾਤਰਾ ‘ਮਨ ਕੀ ਬਾਤ’ ਭਾਸ਼ਣ ਦੀ ਤਰ੍ਹਾਂ ਨਹੀਂ ਸੀ ਬਲਕਿ ਇਹ ‘ਲੋਕਾਂ ਦੀ ਚਿੰਤਾ’ ਸੁਣਨ ਦਾ ਮੌਕਾ ਸੀ ਅਤੇ ਇਹ ਵੱਖ ਵੱਖ ਢੰਗਾਂ ਨਾਲ ਜਾਰੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਦੇਸ਼ ਨੂੰ ਸ਼ਾਂਤੀਪੂਰਨ ਭਵਿੱਖ ਦੀ ਉਮੀਦ ਦਿੱਤੀ ਅਤੇ ਲੋਕਾਂ ਨੂੰ ਪਿਆਰ ਦੇ ਬੰਧਨ ’ਚ ਬੰਨ੍ਹਿਆ।