ਮੌਂਟਰੀਅਲ, 12 ਅਗਸਤ
ਸਪੈਨਿਸ਼ ਸਟਾਰ ਰਾਫੇਲ ਨਡਾਲ ਨੇ ਸੈਮੀ-ਫਾਈਨਲ ਵਿੱਚ ਕੋਰਟ ’ਤੇ ਬਿਨਾਂ ਪਸੀਨਾ ਵਹਾਏ ਮੌਂਟਰੀਅਲ ਮਾਸਟਰਜ਼ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਹ ਕੈਨੇਡਾ ਵਿੱਚ ਆਪਣਾ ਲਗਾਤਾਰ ਦੂਜਾ ਏਟੀਪੀ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਰੂਸ ਦੇ ਡੇਨੀਅਲ ਮੈਦਵੇਦੇਵ ਖ਼ਿਲਾਫ਼ ਉਤਰੇਗਾ।
ਫਰਾਂਸ ਦੇ ਗੇਲ ਮੌਨਫਿਲਜ਼ ਦੇ ਸੈਮੀ-ਫਾਈਨਲ ਮੁਕਾਬਲੇ ਵਿੱਚੋਂ ਹਟਣ ਕਾਰਨ ਸੀਨੀਅਰ ਦਰਜਾ ਪ੍ਰਾਪਤ ਅਤੇ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੂੰ ਇੱਕ ਦਿਨ ਦਾ ਹੋਰ ਆਰਾਮ ਮਿਲ ਗਿਆ। ਫਰਾਂਸ ਦੇ ਮੋਨਫਿਲਜ਼ ਨੇ ਮੀਂਹ ਤੋਂ ਪ੍ਰਭਾਵਿਤ ਕੁਆਰਟਰ ਫਾਈਨਲ ਵਿੱਚ ਸਪੇਨ ਦੇ ਰੌਬਰਟ ਬਤਿਸਤਾ ਆਗੁਤ ਨੂੰ 6-4, 3-6, 7-6 ਨਾਲ ਹਰਾਇਆ ਸੀ। ਇਸ ਦੇ ਕੁੱਝ ਹੀ ਘੰਟਿਆਂ ਮਗਰੋਂ ਉਸ ਨੇ ਸੈਮੀ-ਫਾਈਨਲ ਵਿੱਚ ਨਡਾਲ ਨਾਲ ਭਿੜਨਾ ਸੀ। ਨਡਾਲ ਦੀ ਖ਼ਿਤਾਬ ਲਈ ਟੱਕਰ ਹੁਣ ਰੂਸੀ ਖਿਡਾਰੀ ਡੇਨੀਅਲ ਮੈਦਵੇਦੇਵ ਨਾਲ ਹੋਵੇਗੀ। ਉਸ ਨੇ ਆਖ਼ਰੀ ਚਾਰ ਵਿੱਚ ਹਮਵਤਨ ਕਾਰੇਨ ਖਾਚਾਨੋਵ ਨੂੰ 6-1, 7-6 ਨਾਲ ਹਰਾਇਆ।
ਨਡਾਲ ਨੇ ਆਖ਼ਰੀ ਅੱਠ ਵਿੱਚ ਇਤਾਲਵੀ ਖਿਡਾਰੀ ਫੈਬਿਓ ਫੋਗਨਿਨੀ ਨੂੰ 2-6, 6-1, 6-2 ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਥਾਂ ਬਣਾਈ ਸੀ। ਮੈਦਵੇਦੇਵ ਦਾ ਨਡਾਲ ਖ਼ਿਲਾਫ਼ ਇਹ ਪਹਿਲਾ ਮੁਕਾਬਲਾ ਹੈ। ਨਡਾਲ ਜੇਕਰ ਫਾਈਨਲ ਵਿੱਚ ਮੈਦਵੇਦੇਵ ਨੂੰ ਹਰਾ ਦਿੰਦਾ ਹੈ ਤਾਂ ਇਹ ਉਸ ਦਾ ਪੰਜਵਾਂ ਕੈਨੇਡਿਆਈ ਖ਼ਿਤਾਬ ਹੋਵੇਗਾ। ਮੈਦਵੇਦੇਵ ਨੇ ਕਿਹਾ, ‘‘ਇਹ ਮੁਕਾਬਲਾ ਬਹੁਤ ਹੀ ਖ਼ਾਸ ਹੋਣ ਕਾਰਨ ਦਬਾਅ ਵੀ ਕੁੱਝ ਜ਼ਿਆਦਾ ਰਹੇਗਾ।’’ ਉਸ ਨੇ ਕਿਹਾ, ‘‘ਮੈਂ ਭੈਅਭੀਤ ਨਹੀਂ ਹੋਵਾਂਗਾ। ਮੈਂ ਹਰ ਮੈਚ ਜਿੱਤਣਾ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਮੈਂ ਕੱਲ੍ਹ ਦਾ ਮੈਚ ਵੀ ਜਿੱਤ ਸਕਦਾ ਹਾਂ।’’