ਲੰਡਨ, 21 ਨਵੰਬਰ

ਰਾਫੇਲ ਨਡਾਲ ਨੇ ਮੌਜੂਦਾ ਚੈਂਪੀਅਨ ਸਟੈਫਨੋਸ ਸਿਟਸਿਪਾਸ ਨੂੰ ਬਾਹਰ ਦਾ ਰਾਹ ਵਿਖਾ ਕੇ ਪੰਜ ਸਾਲਾਂ ਵਿੱਚ ਪਹਿਲੀ ਵਾਰ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਨਡਾਲ ਨੇ ਇੱਥੇ ਓ2 ਏਰੇਨਾ ਵਿੱਚ ਹੋਏ ਮੁਕਾਬਲੇ ਵਿੱਚ ਸਿਟਸਿਪਾਸ ਨੂੰ 6-4, 4-6, 6-2 ਸ਼ਿਕਸਤ ਦਿੱਤੀ। ਸਿਟਸਿਪਾਸ ਨੇ ਪਿਛਲੇ ਸਾਲ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਉਤਰਦਿਆਂ ਖ਼ਿਤਾਬ ਜਿੱਤ ਲਿਆ ਸੀ, ਪਰ ਹੁਣ ਉਹ ਗਰੁੱਪ ਗੇੜ ਦੇ ਦੂਜੇ ਮੈਚ ਵਿੱਚ ਹਾਰ ਕੇ ਬਾਹਰ ਹੋ ਗਿਆ। ਸੈਮੀਫਾਈਨਲ ਵਿੱਚ ਨਡਾਲ ਦਾ ਸਾਹਮਣਾ ਡੈਨਿਲ ਮੈਦਵੇਦੇਵ ਨਾਲ ਹੋਵੇਗਾ। ਇਸ ਤੋਂ ਪਹਿਲਾਂ ਇੱਕ ਹੋਰ ਮੁਕਾਬਲੇ ਵਿੱਚ ਆਂਦਰੇ ਰੂਬਲੇਵ ਨੇ ਯੂਐੱਸ ਓਪਨ ਚੈਂਪੀਅਨ ਡੌਮੀਨਿਕ ਥੀਮ ਨੂੰ 6-2, 7-5 ਨਾਲ ਮਾਤ ਦੇ ਦਿੱਤੀ। ਹਾਲਾਂਕਿ ਇਸ ਜਿੱਤ-ਹਾਰ ਦਾ ਦੋਵਾਂ ਖਿਡਾਰੀਆਂ ਦੇ ਅਗਲੇ ਮੁਕਾਬਲਿਆਂ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਥੀਮ ਨੇ ਪਹਿਲੇ ਦੋ ਮੁਕਾਬਲਿਆਂ ਵਿੱਚ ਸਿਟਸਿਪਾਸ ਅਤੇ ਨਡਾਲ ਨੂੰ ਹਰਾ ਕੇ ਆਪਣੀ ਥਾਂ ਪੱਕੀ ਕਰ ਲਈ ਸੀ। ਥੀਮ ਦੀ ਟੱਕਰ ਹੁਣ ਨੋਵਾਕ ਜੋਕੋਵਿਚ ਜਾਂ ਅਲੈਗਜ਼ੈਂਡਰ ਜੈਵੇਰੇਵ ਨਾਲ ਹੋਵੇਗੀ।