ਪੈਰਿਸ, 12 ਅਕਤੂਬਰ

ਸਪੇਨ ਦੇ ਟੈਨਿਸ ਖਿਡਾਰੀ ਰਾਫਾਲ ਨਡਾਲ ਨੇ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੂੰ ਫਾਈਨਲ ਮੁਕਾਬਲੇ ’ਚ 6-0, 6-2, 7-5 ਨਾਲ ਹਰਾ ਕੇ ਫਰੈਂਚ ਓਪਨ ਆਪਣੇ ਨਾਂਅ ਕਰ ਲਿਆ। ਨਡਾਲ ਨੇ 13ਵੀਂ ਵਾਰ ਫਰੈਂਚ ਓਪਨ ਜਿੱਤਿਆ ਹੈ ਤੇ ਇਹ ਉਸ ਦਾ 20ਵਾਂ ਗਰੈਂਡ ਸਲੈਮ ਖ਼ਿਤਾਬ ਹੈ। ਇਸ ਜਬਰਦਸਤ ਜਿੱਤ ਦੇ ਨਾਲ ਰਾਫਾਲ ਨੇ ਇੱਕ ਵਾਰ ਫਿਰ ਕਲੇਅ ਕੋਰਟ ਦੇ ਵਿੱਚ ਆਪਣੀ ਬਾਦਸ਼ਾਹਤ ਸਾਬਿਤ ਕਰ ਦਿੱਤੀ ਹੈ। ਇਸ ਦੇ ਨਾਲ ਰਾਫਾਲ ਨੇ ਸਵਿੱਸ ਖਿਡਾਰੀ ਰੌਜਰ ਫੈਡਰਰ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਪੁਰਸ਼ਾਂ ਦੇ ਵਰਗ ਵਿਚ ਦੋਵਾਂ ਨੇ ਸਭ ਤੋਂ ਵੱਧ ਵੱਕਾਰੀ ਸਿੰਗਲਜ਼ ਖ਼ਿਤਾਬ ਜਿੱਤੇ ਹਨ। ਨਡਾਲ ਨੇ ਪੂਰੇ ਮੈਚ ਵਿਚ ਜੋਕੋਵਿਚ ਉਤੇ ਦਬਾਅ ਬਣਾਈ ਰੱਖਿਆ ਤੇ ਵਿਰੋਧੀ ਖਿਡਾਰੀ ਨੂੰ ਬਹੁਤ ਘੱਟ ਮੌਕੇ ਦਿੱਤੇ। ਤੀਸਰੇ ਸੈੱਟ ਵਿਚ ਜੋਕੋਵਿਚ ਨੇ ਕੁਝ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਅਖ਼ੀਰ ਨਡਾਲ ਨੇ ਸੈੱਟ ਆਪਣੇ ਨਾਂ ਕਰ ਲਿਆ।