ਨਿਊਯਾਰਕ, ਰਾਫੇਲ ਨਡਾਲ ਨੇ ਜੌਹਨ ਮਿਲਮੈਨ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ ਜਿੱਤ ਨਾਲ ਚੌਥੇ ਯੂਐੱਸ ਓਪਨ ਖ਼ਿਤਾਬ ਦੀ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਜਦੋਂਕਿ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਕਈ ਉੱਚਾ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆਂ ਦੇ ਸਿਖਰਲੇ ਦਸ ਖਿਡਾਰੀਆਂ ਵਿੱਚ ਸ਼ਾਮਲ ਚਾਰ ਖਿਡਾਰੀਆਂ ਡੌਮੀਨਿਕ ਥੀਮ, ਸਟੈਫਨੋਸ ਸਿਟਸਿਪਾਸ, ਕੇਰਨ ਖਚਾਨੋਵ ਅਤੇ ਰਾਬਰਟ ਬਤਿਸਤਾ ਆਗੁਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਨਡਾਲ ਦਾ ਫਾਈਨਲ ਤੱਕ ਦਾ ਸਫ਼ਰ ਕੁੱਝ ਆਸਾਨ ਲੱਗ ਰਿਹਾ ਹੈ।
ਆਸਟਰੇਲੀਆ ਦਾ ਨਿੱਕ ਕਿਰਗਿਓਸ ਵੀ ਅਗਲੇ ਗੇੜ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ। ਉਸ ਨੇ ਅਮਰੀਕਾ ਦੇ ਸਟੀਵ ਜੌਹਨਸਨ ਨੂੰ 6-3, 7-6 (7/1), 6-4 ਨਾਲ ਹਰਾਇਆ।
ਸਪੇਨ ਦੇ ਦੂਜਾ ਦਰਜਾ ਪ੍ਰਾਪਤ ਅਤੇ ਤਿੰਨ ਵਾਰ (2010, 2013 ਅਤੇ 2017) ਦੇ ਚੈਂਪੀਅਨ ਨਡਾਲ ਨੇ ਲਗਪਗ ਦੋ ਘੰਟੇ ਵਿੱਚ ਆਸਟਰੇਲੀਆ ਦੇ ਦੁਨੀਆਂ ਦੇ 60ਵੇਂ ਨੰਬਰ ਦੇ ਖਿਡਾਰੀ ਮਿਲਮੈਨ ਨੂੰ 6-3, 6-2 ਨਾਲ ਹਰਾਇਆ। ਦੂਜੇ ਪਾਸੇ ਦੋ ਵਾਰ ਦੇ ਫਰੈਂਚ ਓਪਨ ਉਪ ਜੇਤੂ ਥੀਮ ਨੂੰ ਇਟਲੀ ਦੇ ਥੌਮਸ ਫੇਬਿਆਨੋ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ। ਥੌਮਸ ਨੇ ਇਹ ਮੈਚ 6-4, 3-6, 6-3, 6-2 ਨਾਲ ਜਿੱਤਿਆ। ਥੀਮ ਇਸ ਤੋਂ ਪਹਿਲਾਂ ਵਿੰਬਲਡਨ ਵਿੱਚ ਵੀ ਪਹਿਲੇ ਗੇੜ ’ਚੋਂ ਬਾਹਰ ਹੋ ਗਿਆ ਸੀ।
ਯੂਨਾਨ ਦੇ ਅੱਠਵਾਂ ਦਰਜਾ ਪ੍ਰਾਪਤ ਸਿਟਸਿਪਾਸ ਨੂੰ ਚਾਰ ਘੰਟੇ ਚੱਲੇ ਸਖ਼ਤ ਮੁਕਾਬਲੇ ਵਿੱਚ ਆਂਦਰੇ ਰੁਬਲੇਵ ਤੋਂ 6-4, 6-7 (5/7), 7-6 (9/7), 7-5 ਨਾਲ ਹਾਰ ਝੱਲਣੀ ਪਈ। ਉਹ ਮੈਚ ਦੌਰਾਨ ਪੈਰ ਦੀ ਮੋਚ ਤੋਂ ਪ੍ਰੇਸ਼ਾਨ ਰਿਹਾ ਅਤੇ ਉਸ ਨੇ ਅੰਪਾਇਰ ’ਤੇ ਪੱਖਪਾਤ ਦਾ ਦੋਸ਼ ਵੀ ਲਾਇਆ। ਲਗਾਤਾਰ ਦੂਜੇ ਗਰੈਂਡ ਸਲੈਮ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੇ ਸਿਟਸਿਪਾਸ ਨੂੰ ਆਖ਼ਰੀ ਸੈੱਟ ਵਿੱਚ ਸਮੇਂ ਨਾਲ ਸਬੰਧਿਤ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ ਇੱਕ ਅੰਕ ਦਾ ਜੁਰਮਾਨਾ ਵੀ ਲੱਗਿਆ। ਸਿਟਸਿਪਾਸ ਨੇ ਇਸ ਮਗਰੋਂ ਫਰਾਂਸ ਦੇ ਰੈਫਰੀ ਡੇਮੀਅਨ ਡੁਮੂਸੋਇਸ ਨੂੰ ਮੈਚ ਦੌਰਾਨ ਕਿਹਾ, ‘‘ਤੁਸੀਂ ਸਾਰੇ ਅਜੀਬ ਹੋ’। ਰੂਸ ਦੇ ਨੌਵਾਂ ਦਰਜਾ ਪ੍ਰਾਪਤ ਖਚਾਨੋਵ ਨੂੰ ਕੈਨੇਡਾ ਦੇ ਵਾਸੇਕ ਪੋਸਪੀਸਿਲ ਖ਼ਿਲਾਫ਼ 6-4, 5-7, 5-7, 6-4, 3-6 ਨਾਲ ਸ਼ਿਕਸਤ ਝੱਲਣੀ ਪਈ, ਜਦਕਿ ਸਪੇਨ ਦੇ ਦਸਵਾਂ ਦਰਜਾ ਪ੍ਰਾਪਤ ਆਗੁਤ ਨੂੰ ਕਜ਼ਾਖ਼ਸਤਾਨ ਦੇ ਮਿਖ਼ਾਈਲ ਕੁਕੁਸ਼ਕਿਨ ਖ਼ਿਲਾਫ਼ ਪੰਜ ਸੈੱਟ ਵਿੱਚ 6-3, 1-6, 4-6, 6-3, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਛੇਵਾਂ ਦਰਜਾ ਪ੍ਰਾਪਤ ਅਲੈਗਜ਼ੈਂਡਰ ਜੈਵੇਰੇਵ ਨੇ ਹਾਲਾਂਕਿ ਪੰਜ ਸੈੱਟ ਵਿੱਚ ਮੋਲਦੋਵਾ ਦੇ ਰਾਡੂ ਐਲਬਟ ਨੂੰ 6-1, 6-3, 3-6, 4-6, 6-2 ਨਾਲ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ। ਸਾਬਕਾ ਚੈਂਪੀਅਨ ਮਾਰਿਨ ਸਿਲਿਚ ਨੇ ਸਲੋਵਾਕੀਆ ਦੇ ਮਾਰਟਿਨ ਕਲਿਜ਼ਨ ਖ਼ਿਲਾਫ਼ ਸਿੱਧੇ ਸੈਟਾਂ ਵਿੱਚ ਜਿੱਤ ਨਾਲ ਅਗਲੇ ਗੇੜ ਵਿੱਚ ਪਹੁੰਚਿਆ।