ਨਿਊਯਾਰਕ, ਮੌਜੂਦਾ ਚੈਂਪੀਅਨ ਰਾਫੇਲ ਨਡਾਲ ਨੇ ਉਤਰਾਅ-ਚੜ੍ਹਾਅ ਵਾਲੇ ਦਿਲਚਸਪ ਕੁਆਰਟਰ ਫਾਈਨਲ ਵਿੱਚ ਨੌਵਾਂ ਦਰਜਾ ਪ੍ਰਾਪਤ ਡੌਮੀਨਿਕ ਥੀਅਮ ਨੂੰ ਪੰਜ ਸੈੱਟਾਂ ਵਿੱਚ ਹਰਾ ਕੇ ਸੱਤਵੀਂ ਵਾਰ ਯੂਐਸ ਓਪਨ ਪੁਰਸ਼ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਰਾਤ ਸਵਾ ਦੋ ਵਜੇ ਖ਼ਤਮ ਹੋਏ ਮੈਚ ਵਿੱਚ ਦੁਨੀਆ ਦੇ ਅੱਵਲ ਨੰਬਰ ਖਿਡਾਰੀ ਨਡਾਲ ਨੇ ਚਾਰ ਘੰਟੇ ਅਤੇ 49 ਮਿੰਟ ਵਿੱਚ 0-6, 6-4, 7-5, 6-7 (4/7), 7-6 (7/5) ਨਾਲ ਜਿੱਤ ਦਰਜ ਕੀਤੀ। ਨਡਾਲ ਨੂੰ ਹੁਣ ਨਿਊਯਾਰਕ ਵਿੱਚ ਚੌਥੇ ਅਤੇ ਕਰੀਅਰ ਦੇ 18ਵੇਂ ਗ੍ਰੈਂਡ ਸਲੈਮ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਨਡਾਲ ਨੇ ਪਹਿਲੇ ਸੈੱਟ ਵਿੱਚ ਆਪਣੀਆਂ ਤਿੰਨ ਸਰਵਿਸਾਂ ਗੁਆਈਆਂ, ਜਦਕਿ ਤੀਜੇ ਅਤੇ ਆਖ਼ਰੀ ਸੈੱਟ ਵਿੱਚ ਵੀ ਉਸ ਨੇ ਸਰਵਿਸ ਗੁਆਉਣ ਮਗਰੋਂ ਵਾਪਸੀ ਕੀਤੀ।
ਨਡਾਲ ਨੇ ਟੂਰਨਾਮੈਂਟ ਦਾ ਆਪਣਾ ਸਭ ਤੋਂ ਲੰਮਾ ਮੈਚ ਖੇਡਣ ਮਗਰੋਂ ਕਿਹਾ, ‘‘ਮੈਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਇਹ ਸਹੀ ਹੈ। ਉਹ ਸ਼ਾਨਦਾਰ ਖਿਡਾਰੀ ਹੈ ਅਤੇ ਮੇਰਾ ਦੋਸਤ ਵੀ, ਜਿਸ ਨੂੰ ਖ਼ਿਤਾਬ ਜਿੱਤਣ ਦੇ ਕਈ ਹੋਰ ਮੌਕੇ ਮਿਲਣਗੇ।’’
ਥੀਅਮ ਨੇ ਮੈਚ ਦੌਰਾਨ 18 ਐਸ ਅਤੇ 74 ਵਿਨਰ ਲਗਾਏ, ਪਰ ਉਸ ਨੂੰ 58 ਸਹਿਜ ਗ਼ਲਤੀਆਂ ਦਾ ਖ਼ਮਿਆਜ਼ਾ ਭੁਗਤਣਾ ਪਿਆ। ਸੈਮੀ ਫਾਈਨਲ ਵਿੱਚ ਨਡਾਲ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਜੁਆਨ ਡੈੱਲ ਪੋਤਰੋ ਨਾਲ ਹੋਵੇਗਾ, ਜਿਸ ਨੇ ਜੌਹਨ ਇਸਨਰ ਨੂੰ ਹਰਾ ਕੇ ਤੀਜੀ ਵਾਰ ਯੂਐਸ ਓਪਨ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ। ਇਸਨਰ ਦੀ ਹਾਰ ਨਾਲ 2013 ਤੋਂ ਇੱਥੇ ਪਹਿਲਾ ਪੁਰਸ਼ ਸਿੰਗਲਜ਼ ਚੈਂਪੀਅਨ ਖਿਡਾਰੀ ਦੇਣ ਦਾ ਮੇਜ਼ਬਾਨ ਦੇਸ਼ ਦਾ ਸੁਪਨਾ ਟੁੱਟ ਗਿਆ।
ਸਾਬਕਾ ਚੈਂਪੀਅਨ ਅਰਜਨਟੀਨਾ ਦੇ ਡੈੱਲ ਪੋਤਰੋ ਨੇ ਸਥਾਨਕ ਖਿਡਾਰੀ ਖ਼ਿਲਾਫ਼ ਪਹਿਲਾ ਸੈੱਟ ਗੁਆਉਣ ਮਗਰੋਂ ਵਾਪਸੀ ਕਰਦਿਆਂ 6-7 (5/7), 6-3, 7-6 (7/4), 6-2 ਨਾਲ ਜਿੱਤ ਦਰਜ ਕੀਤੀ। ਆਪਣੇ ਘਰੇਲੂ ਗਰੈਂਡ ਸਲੈਮ ਵਿੱਚ ਪਹਿਲੀ ਵਾਰ ਕੁਆਰਟਰ ਫਾਈਨਲ ਖੇਡ ਰਹੇ 11ਵਾਂ ਦਰਜਾ ਪ੍ਰਾਪਤ ਇਸਨਰ ਨੇ ਪਹਿਲਾ ਸੈੱਟ ਜਿੱਤ ਲਿਆ, ਪਰ ਡੈੱਲ ਪੋਤਰੋ ਨੇ ਤਿੰਨ ਘੰਟੇ ਅਤੇ 31 ਮਿੰਟ ਤੱਕ ਚੱਲੇ ਮੈਚ ਦੌਰਾਨ ਇੱਕ ਵਾਰ ਵੀ ਆਪਣੀ ਸਰਵਿਸ ਨਹੀਂ ਗੁਆਈ। ਇਸਨਰ ’ਤੇ 12 ਮੈਚਾਂ ਵਿੱਚ ਅੱਠਵੀਂ ਜਿੱਤ ਦਰਜ ਕਰਨ ਮਗਰੋਂ ਡੈੱਲ ਪੋਤਰੋ ਨੇ ਕਿਹਾ ਕਿ 33 ਡਿਗਰੀ ਤਾਪਮਾਨ ਖਿਡਾਰੀਆਂ ਲਈ ਅਸਲ ਚੁਣੌਤੀ ਬਣ ਰਿਹਾ ਹੈ। ਤੀਜੇ ਸੈੱਟ ਮਗਰੋਂ ਹਾਲਾਂਕਿ ਦਸ ਮਿੰਟ ਦੀ ਬ੍ਰੇਕ ਕਾਰਨ ਗਰਮੀ ਤੋਂ ਰਾਹਤ ਮਿਲੀ।
ਛੇ ਵਾਰ ਦੀ ਚੈਂਪੀਅਨ ਸੇਰੇਨਾ ਅਗਲੇ ਗੇੜ ਵਿੱਚ
ਨਿਊਯਾਰਕ: ਛੇ ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਹੌਲੀ ਸ਼ੁਰੂਆਤ ਤੋਂ ਉਭਰਦਿਆਂ ਅੱਠਵਾਂ ਦਰਜਾ ਪ੍ਰਾਪਤ ਕੈਰੋਲੀਨਾ ਪਲਿਸਕੋਵਾ ਨੂੰ ਸਿੱਧੇ ਸੈੱਟਾਂ ਵਿੱਚ 6-4, 6-3 ਨਾਲ ਹਰਾ ਕੇ ਯੂਐਸ ਓਪਨ ਦੇ ਮਹਿਲਾ ਸਿੰਗਲਜ਼ ਸੈਮੀ ਫਾਈਨਲ ਵਿੱਚ ਥਾਂ ਬਣਾਈ। ਰਿਕਾਰਡ ਦੀ ਬਰਾਬਰੀ ਕਰਨ ਵਾਲੇ 24ਵੇਂ ਗਰੈਂਡ ਸਲੈਮ ਲਈ ਚੁਣੌਤੀ ਪੇਸ਼ ਕਰ ਰਹੀ ਅਮਰੀਕਾ ਦੀ ਖਿਡਾਰਨ ਸੇਰੇਨਾ ਨੇ ਸ਼ੁਰੂ ਵਿੱਚ ਆਪਣੀ ਸਰਵਿਸ ਗੁਆ ਲਈ ਸੀ। ਇਸ ਮਗਰੋਂ ਉਸ ਨੇ ਲਗਾਤਾਰ ਅੱਠ ਗੇਮ ਜਿੱਤ ਕੇ ਪਹਿਲਾ ਸੈੱਟ ਆਪਣੇ ਨਾਮ ਕੀਤਾ ਅਤੇ ਦੂਜੇ ਵਿੱਚ ਵੀ 4-0 ਦੀ ਲੀਡ ਬਣਾਈ। ਸੇਰੇਨਾ ਨੂੰ ਇਸ ਮਗਰੋਂ ਉਸ ਖਿਡਾਰੀ ਨੂੰ ਹਰਾਉਣ ਵਿੱਚ ਜ਼ਿਆਦਾ ਮੁਸ਼ਕਲ ਨਹੀਂ ਆਈ, ਜਿਸ ਤੋਂ ਉਹ 2016 ਵਿੱਚ ਇਸੇ ਮੈਦਾਨ ’ਤੇ ਹਾਰੀ ਸੀ। ਪਲਿਸਕੋਵਾ ਨੂੰ 12 ਬ੍ਰੇਕ ਪੁਆਇੰਟ ਮਿਲੇ, ਪਰ ਇਸ ਵਿੱਚੋਂ ਉਹ ਸਿਰਫ਼ ਦੋ ਦਾ ਹੀ ਫ਼ਾਇਦਾ ਉਠਾ ਸਕੀ। ਸੇਰੇਨਾ ਨੇ 13 ਐਸ ਮਾਰੇ। ਸੈਮੀ ਫਾਈਨਲ ਵਿੱਚ ਸੇਰੇਨਾ ਦਾ ਸਾਹਮਣਾ ਅਨਾਸਤਸਿਜ਼ਾ ਸੇਵਾਸਤੋਵਾ ਨਾਲ ਹੋਵੇਗਾ। ਲਾਤਵੀਆ ਦੀ 19 ਸਾਲਾ ਅਨਾਸਤਸਿਜ਼ਾ ਨੇ ਮੌਜੂਦਾ ਚੈਂਪੀਅਨ ਸਲੋਨ ਸਟੀਫਨਜ਼ ਨੂੰ ਸਿੱਧੇ ਸੈੱਟਾਂ ਵਿੱਚ 6-2, 6-3 ਨਾਲ ਸ਼ਿਕਸਤ ਦਿੱਤੀ। ਮਹਿਲਾ ਸਿੰਗਲਜ਼ ਦੇ ਇੱਕ ਹੋਰ ਕੁਆਰਟਰ ਫਾਈਨਲ ਵਿੱਚ ਸਪੇਨ ਦੀ ਕਾਰਲਾ ਸੁਆਰੇਜ਼ ਨਵਾਰੋ ਦੀ ਟੱਕਰ 2017 ਦੀ ਉਪ ਜੇਤੂ ਮੈਡਿਸਨ ਕੀਅਜ਼ ਨਾਲ ਹੋਵੇਗੀ, ਜਦਕਿ ਜਾਪਾਨ ਦੀ ਨਾਓਮੀ ਓਸਾਕਾ ਨੇ ਯੂਕਰੇਨ ਦੀ ਲੇਸੀਆ ਸੁਰੇਨਕੋ ਨਾਲ ਭਿੜਨਾ ਹੈ।