ਲੰਡਨ, 23 ਨਵੰਬਰ
ਦੁਨੀਆਂ ਦੇ ਅੱਵਲ ਨੰਬਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਅਤੇ ਨੰਬਰ ਦੋ ਰਾਫੇਲ ਨਡਾਲ ਦੀਆਂ ਏਟੀਪੀ ਫਾਈਨਲਜ਼ ਟਰਾਫ਼ੀ ਜਿੱਤਣ ਦੀਆਂ ਉਮੀਦਾਂ ਟੁੱਟ ਗਈਆਂ ਹਨ ਕਿਉਂਕਿ ਉਹ ਆਪੋ-ਆਪਣੇ ਸੈਮੀਫਾਈਨਲ ਮੁਕਾਬਲੇ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਏ ਹਨ। ਹੁਣ ਇਨ੍ਹਾਂ ਦੋਵਾਂ ਨੂੰ ਟੂਰਨਾਮੈਂਟ ’ਚੋਂ ਬਾਹਰ ਦਾ ਰਾਹ ਵਿਖਾਉਣ ਵਾਲੇ ਤੀਜੇ ਨੰਬਰ ਦੇ ਖਿਡਾਰੀ ਡੌਮੀਨਿਕ ਥੀਮ ਅਤੇ ਡੈਨਿਲ ਮੈਦਵੇਦੇਵ (ਚੌਥੇ ਨੰਬਰ) ਖ਼ਿਤਾਬ ਲਈ ਭਿੜਨਗੇ।
ਮੈਦਵੇਦੇਵ ਖ਼ਿਲਾਫ਼ ਮੈਚ ਦਾ ਸ਼ੁਰੂਆਤੀ ਸੈੱਟ ਆਪਣੇ ਨਾਮ ਕਰਨ ਤੋਂ ਪਹਿਲਾਂ 20 ਗਰੈਂਡਸਲੈਮ ਜੇਤੂ ਨਡਾਲ ਲਗਾਤਾਰ 71 ਮੈਚਾਂ ਵਿੱਚ ਜਿੱਤ ਹਾਸਲ ਕਰ ਚੁੱਕਿਆ ਸੀ। ਉਹ ਸੈਮੀਫਾਈਨਲ ਦੇ ਦੂਜੇ ਸੈੱਟ ਵਿੱਚ 5-4 ਨਾਲ ਅੱਗੇ ਚੱਲ ਰਿਹਾ ਸੀ, ਪਰ ਮੈਦਵੇਦੇਵ ਨੇ ਵਾਪਸੀ ਕਰਦਿਆਂ ਇਸ ਨੂੰ 3-6, 7-6 (4), 6-3 ਨਾਲ ਆਪਣੇ ਨਾਮ ਕਰ ਲਿਆ।
ਇਸ ਤੋਂ ਪਹਿਲਾਂ ਥੀਮ ਨੇ 17 ਵਾਰ ਦੇ ਗਰੈਂਡਸਲੈਮ ਚੈਂਪੀਅਨ ਜੋਕੋਵਿਚ ਖ਼ਿਲਾਫ਼ ਸੈਮੀਫਾਈਨਲ ਵਿੱਚ 7-5, 6-7(10), 7-6(5) ਨਾਲ ਜਿੱਤ ਦਰਜ ਕੀਤੀ, ਜਿਸ ਦਾ ਦੂਜਾ ਅਤੇ ਤੀਜਾ ਸੈੱਟ ਟਾਈਬ੍ਰੇਕ ਰਿਹਾ। ਥੀਮ ਨੇ ਇਸ ਤਰ੍ਹਾਂ ਜੋਕੋਵਿਚ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਛੇਵੀਂ ਏਟੀਪੀ ਫਾਈਨਲਜ਼ ਟਰਾਫ਼ੀ ਦੀ ਉਮੀਦ ਵੀ ਤੋੜ ਦਿੱਤੀ।