ਰੋਮ, 20 ਮਈ
ਮੌਜੂਦਾ ਚੈਂਪੀਅਨ ਅਤੇ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਅੱਜ ਇੱਥੇ ਯੂਨਾਨੀ ਖਿਡਾਰੀ ਸਟੈਫਾਨੋਜ਼ ਸਿਟਸਿਪਾਸ ਨੂੰ ਹਰਾ ਕੇ ਇਟੈਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚ ਗਿਆ। ਉਸ ਨੇ ਯੂਨਾਨ ਦੇ ਅੱਠਵਾਂ ਦਰਜਾ ਪ੍ਰਾਪਤ ਖਿਡਾਰੀ ਨੂੰ 6-3, 6-4 ਨਾਲ ਸ਼ਿਕਸਤ ਦਿੱਤੀ। ਨਡਾਲ ਨੇ ਇਸੇ ਦੇ ਨਾਲ ਹੀ ਸਿਟਸਿਪਾਸ ਤੋਂ ਬੀਤੇ ਹਫ਼ਤੇ ਮੈਡਰਿਡ ਓਪਨ ਦੇ ਸੈਮੀ ਫਾਈਨਲ ਵਿੱਚ ਹੋਈ ਹਾਰ ਦਾ ਬਦਲਾ ਵੀ ਲੈ ਲਿਆ ਹੈ।
ਹੁਣ ਨਡਾਲ ਦੀ ਟੱਕਰ ਨੋਵਾਕ ਜੋਕੋਵਿਚ ਜਾਂ ਅਰਜਨਟੀਨਾ ਦੇ ਡੀਏਗੋ ਸ਼ਵਾਰਟਮੈਨ ਨਾਲ ਹੋਵੇਗੀ। ਦੁਨੀਆਂ ਦੇ ਨੰਬਰ ਇੱਕ ਖਿਡਾਰੀ ਨੋਵਾਕ ਜੋਕੋਵਿਚ ਨੇ ਰੋਮਾਂਚਕ ਮੁਕਾਬਲੇ ਵਿੱਚ ਜੁਆਨ ਮਾਰਟਿਨ ਡੈਲ ਪੋਤਰੋ ਖ਼ਿਲਾਫ਼ ਦੋ ਮੈਚ ਅੰਕ ਬਚਾ ਕੇ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾਈ। ਇਸੇ ਤਰ੍ਹਾਂ ਸਵਿੱਸ ਸਟਾਰ ਰੋਜਰ ਫੈਡਰਰ ਅਤੇ ਮਹਿਲਾਵਾਂ ਵਿੱਚ ਦੁਨੀਆਂ ਦੀ ਅੱਵਲ ਨੰਬਰ ਖਿਡਾਰੀ ਨਾਓਮੀ ਓਸਾਕਾ ਨੇ ਸੱਟ ਕਾਰਨ ਫਰੈਂਚ ਓਪਨ ਤੋਂ ਪਹਿਲਾਂ ਆਖ਼ਰੀ ਤਿਆਰੀ ਟੂਰਨਾਮੈਂਟ ਤੋਂ ਹੱਟਣ ਦਾ ਫ਼ੈਸਲਾ ਕੀਤਾ।
ਜੋਕੋਵਿਚ ਨੇ ਤਿੰਨ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ ਸਾਬਕਾ ਯੂਐਸ ਓਪਨ ਚੈਂਪੀਅਨ ਜੁਆਨ ਮਾਰਟਿਨ ਡੈੱਲ ਪੋਤਰੋ ’ਤੇ 4-6, 7-6, 6-4 ਨਾਲ ਜਿੱਤ ਦਰਜ ਕੀਤੀ। ਸੱਟ ਕਾਰਨ ਇੰਡੀਅਨ ਵੈੱਲਜ਼ ਅਤੇ ਮਿਆਮੀ ਓਪਨ ਤੋਂ ਬਾਹਰ ਰਹੇ ਡੈੱਲ ਪੋਤਰੋ ਨੇ ਇਸ ਟੂਰਨਾਮੈਂਟ ਨਾਲ ਵਾਪਸੀ ਕੀਤੀ ਸੀ। ਫਾਈਨਲ ਵਿੱਚ ਥਾਂ ਬਣਾਉਣ ਲਈ ਹੁਣ ਜੋਕੋਵਿਚ ਦਾ ਸਾਹਮਣਾ 15 ਵਾਰ ਦੇ ਗਰੈਂਡ ਸਲੈਮ ਜੇਤੂ ਅਰਜਨਟੀਨਾ ਦੇ ਡੀਏਗੋ ਸ਼ਵਾਰਟਮੈਨ ਨਾਲ ਹੋਵੇਗਾ, ਜਿਸ ਨੇ ਜਾਪਾਨ ਦੇ ਛੇਵਾਂ ਦਰਜਾ ਪ੍ਰਾਪਤ ਕੇਈ ਨਿਸ਼ੀਕੋਰੀ ਨੂੰ 6-4, 6-2 ਨਾਲ ਮਾਤ ਦਿੱਤੀ। ਸਵਿੱਟਜ਼ਰਲੈਂਡ ਦੇ ਖਿਡਾਰੀ ਫੈਡਰਰ ਦੇ ਸੱਜੇ ਗੋਡੇ ’ਤੇ ਸੱਟ ਲੱਗਣ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ, ਜਿਸ ਕਾਰਨ ਸਿਟਸਿਪਾਸ ਅਗਲੇ ਗੇੜ ਵਿੱਚ ਪਹੁੰਚ ਗਿਆ ਸੀ। ਫੈਡਰਰ ਨੇ ਤਿੰਨ ਸਾਲਾਂ ਮਗਰੋਂ ਕਲੇਅ ਕੋਰਟ ’ਤੇ ਵਾਪਸੀ ਕੀਤੀ ਸੀ। ਮੈਡਰਿਡ ਓਪਨ ਦੇ ਆਖ਼ਰੀ ਅੱਠ ਤੱਕ ਪਹੁੰਚਣ ਵਾਲਾ ਫੈਡਰਰ ਫਰੈਂਚ ਓਪਨ ਤੋਂ ਪਹਿਲਾਂ ਰੋਮ ਦੇ ਇਸ ਟੂਰਨਾਮੈਂਟ ਵਿੱਚ ਆਪਣੀ ਤਿਆਰੀ ਪੁਖ਼ਤਾ ਕਰ ਰਿਹਾ ਸੀ। ਇਸੇ ਤਰ੍ਹਾਂ ਸਾਬਕਾ ਨੰਬਰ ਇੱਕ ਰਹਿ ਚੁੱਕੀ ਮਹਿਲਾ ਖਿਡਾਰੀ ਕੈਰੋਲੀਨਾ ਪਲਿਸਕੋਵਾ ਨੇ ਵਿਕਟੋਰੀਆ ਅਜ਼ਾਰੇਂਕਾ ’ਤੇ 6-7, 6-2, 6-2 ਨਾਲ ਜਿੱਤ ਹਾਸਲ ਕੀਤੀ। ਚੈੱਕ ਗਣਰਾਜ ਦੀ ਚੌਥਾ ਦਰਜਾ ਪ੍ਰਾਪਤ ਖਿਡਾਰਨ ਦਾ ਸਾਹਮਣਾ ਹੁਣ ਯੂਨਾਨ ਦੀ ਮਾਰੀਆ ਸਕਾਰੀ ਨਾਲ ਹੋਵੇਗਾ, ਜਿਸ ਨੇ ਫਰਾਂਸ ਦੀ ਕ੍ਰਿਸਟੀਨਾ ਮਲਾਦੇਨੋਵਿਚ ਨੂੰ ਸ਼ਿਕਸਤ ਦਿੱਤੀ ਹੈ।