ਮੈਲਬਰਨ:ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨੇ ਅੱਜ ਇੱਥੇ ਐਡਰੀਅਨ ਮਨਾਰਿਨੋ ਨੂੰ ਸਿੱਧੇ ਸੈੱਟਾਂ ਵਿਚ ਮਾਤ ਦੇ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਵਿਚ 14ਵੀਂ ਵਾਰ ਥਾਂ ਬਣਾਈ। ਇੱਥੇ ਉਨ੍ਹਾਂ ਦਾ ਮੁਕਾਬਲਾ ਕੈਨੇਡਾ ਦੇ ਨੌਜਵਾਨ ਖਿਡਾਰੀ ਡੈਨਿਸ ਸ਼ੋਪਾਵਾਲੋਵ ਨਾਲ ਹੋਵੇਗਾ। ਨਡਾਲ ਨੇ ਚੌਥੇ ਗੇੜ ਦੇ ਮੁਕਾਬਲੇ ਵਿਚ 7-6, 6-2, 6-2 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੂੰ ਪਹਿਲੇ ਸੈੱਟ ਵਿਚ ਜਿੱਤ ਦਰਜ ਕਰਨ ਲਈ ਟਾਈਬ੍ਰੇਕ ਲਈ 28 ਮਿੰਟ ਤੱਕ ਜੂਝਣਾ ਪਿਆ। ਹੁਣ ਉਹ ਰਿਕਾਰਡ 21ਵਾਂ ਪੁਰਸ਼ ਸਿੰਗਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਤਿੰਨ ਕਦਮ ਦੂਰ ਹੈ। ਕੈਨੇਡਾ ਦੇ 22 ਸਾਲ ਦੇ ਸ਼ਾਪੋਵਾਲੋਵ ਨੇ ਉਲਟਫੇਰ ਕਰਦਿਆਂ ਤੀਜਾ ਦਰਜਾ ਪ੍ਰਾਪਤ ਐਲਗਜ਼ੈਂਡਰ ਜ਼ਵੇਰੇਵ ਨੂੰ ਹਰਾ ਕੇ ਪਹਿਲੀ ਵਾਰ ਆਸਟਰੇਲਿਆਈ ਓਪਨ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਸ਼ਾਪੋਵਾਲੋਵ ਨੇ 6-3, 7-6, 6-3 ਨਾਲ ਜਿੱਤ ਦਰਜ ਕੀਤੀ। ਨਡਾਲ ਨੇ 45ਵੀਂ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਆਖਰੀ ਅੱਠਾਂ ਵਿਚ ਥਾਂ ਬਣਾਈ ਹੈ।