ਨਵੀਂ ਦਿੱਲੀ, 21 ਅਪਰੈਲ
ਸਮਾਜਕ ਕਾਰਕੁਨ ਗੌਤਮ ਨਵਲੱਖਾ ਨੇ ਅੱਜ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਐਲਗਾਰ ਪਰਿਸ਼ਦ–ਮਾਓਵਾਦੀ ਸਬੰਧਾਂ ਦੇ ਮਾਮਲੇ ’ਚ ਉਸ ਨੂੰ ਜਿਸ ਜਨਤਕ ਲਾਇਬ੍ਰੇਰੀ ’ਚ ਨਜ਼ਰਬੰਦ ਕੀਤਾ ਗਿਆ ਹੈ, ਉਸ ਨੂੰ ਉਥੋਂ ਕਿਸੇ ਹੋਰ ਥਾਂ ਤਬਦੀਲ ਕੀਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਜਸਟਿਸ ਕੇਐੱਮ ਜੋਸੇਫ ਤੇ ਜਸਟਿਸ ਬੀ.ਵੀ. ਨਾਗਰਤਨਾ ਦੇ ਬੈਂਚ ਨੂੰ ਨਵਲੱਖਾ ਦੇ ਵਕੀਲ ਨੇ ਦੱਸਿਆ ਕਿ ਇਸ ਸਮੇਂ ਨਵਲੱਖਾ ਨੂੰ ਜਿਸ ਜਨਤਕ ਲਾਇਬ੍ਰੇਰੀ ’ਚ ਰੱਖਿਆ ਗਿਆ ਹੈ ਉਸ ਨੂੰ ਖਾਲੀ ਕਰਨ ਦੀ ਲੋੜ ਹੈ। ਨਵਲੱਖਾ ਦੇ ਵਕੀਲ ਨੇ ਮਾਮਲੇ ’ਤੇ ਤੁਰੰਤ ਸੁਣਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ, ‘ਮੈਂ ਸਿਰਫ਼ ਮੁੰਬਈ ’ਚ ਹੀ (ਨਜ਼ਰਬੰਦੀ ਦੀ) ਥਾਂ ਬਦਲਣ ਦੀ ਅਪੀਲ ਕਰ ਰਿਹਾ ਹਾਂ।’ ਅਦਾਲਤ ’ਚ ਕਿਸੇ ਹੋਰ ਮਾਮਲੇ ’ਚ ਪੇਸ਼ ਹੋਏ ਵਧੀਕ ਸੋਲੀਸਿਟਰ ਜਨਰਲ ਐੱਸਵੀ ਰਾਜੂ ਨੇ ਕਿਹਾ ਕਿ ਉਨ੍ਹਾਂ ਨੂੰ ਨਵਲੱਖਾ ਦੀ ਅਰਜ਼ੀ ਦੇ ਜ਼ਿਕਰ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਇਸ ਦਾ ਜਵਾਬ ਦੇਣ ਲਈ ਸਮਾਂ ਮੰਗਿਆ ਹੈ। ਬੈਂਚ ਨੇ ਕਿਹਾ ਕਿ ਉਹ ਅਗਲੇ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਕਰਨਗੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 10 ਨਵੰਬਰ 2022 ਨੂੰ ਨਵਲੱਖਾ ਨੂੰ ਸਿਹਤ ਸਬੰਧੀ ਕਾਰਨਾਂ ਕਰਕੇ ਘਰ ’ਚ ਨਜ਼ਰਬੰਦ ਰੱਖਣ ਦੀ ਇਜਾਜ਼ਤ ਦਿੱਤੀ ਸੀ। ਉਸ ਉਸ ਸਮੇਂ ਨਵੀ ਮੁੰਬਈ ਦੀ ਤਾਲੋਜਾ ਜੇਲ੍ਹ ’ਚ ਬੰਦ ਸੀ। ਇਨ੍ਹਾਂ ਹੁਕਮਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਨਵਲੱਖਾ ਦੀ ਨਜ਼ਰਬੰਦੀ ਦੀ ਮਿਆਦ ਕਈ ਵਾਰ ਵਧਾਈ ਹੈ।