ਇਸਲਾਮਾਬਾਦ, 30 ਜੂਨ
ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਤੋਂ ਵੱਡੀ ਰਾਹਤ ਮਿਲੀ ਹੈ ਅਤੇ ਪਾਕਿਸਤਾਨ ਸਰਕਾਰ ਤੇ ਆਈਐੱਮਐੱਫ ਤਿੰਨ ਅਰਬ ਡਾਲਰ ਦੇ ਸਮਝੌਤੇ ਨੇਡ਼ੇ ਪਹੁੰਚ ਗਏ ਹਨ। ਇਸ ਨਾਲ ਪਾਕਿਸਤਾਨ ਨੂੰ ਆਲਮੀ ਝਟਕਿਆਂ ਨਾਲ ਨਜਿੱਠਣ ਤੇ ਅਰਥਚਾਰੇ ਨੂੰ ਸਥਿਰ ਕਰਨ ’ਚ ਮਦਦ ਮਿਲੇਗੀ। ਇਹ ਸਮਝੌਤਾ ਕਰਮਚਾਰੀਆਂ ਦੇ ਪੱਧਰ ’ਤੇ ਹੈ ਤੇ ਹੁਣ ਇਹ ਮੁਦਰਾ ਕੋਸ਼ ਦੇ ਕਾਰਜਕਾਰੀ ਨਿਰਦੇਸ਼ਕ ਮੰਡਲ ਦੀ ਮਨਜ਼ੂਰੀ ’ਤੇ ਨਿਰਭਰ ਹੈ।
ਪਾਕਿਸਤਾਨ ਦਾ ਅਰਥਚਾਰਾ ਇਸ ਸਮੇਂ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ। ਇਸ ਨਾਲ ਗਰੀਬ ਜਨਤਾ ’ਤੇ ਬੇਕਾਬੂ ਮਹਿੰਗਾਈ ਦਾ ਬੋਝ ਪੈ ਗਿਆ ਹੈ ਜਿਸ ਨਾਲ ਵੱਡੀ ਗਿਣਤੀ ’ਚ ਲੋਕਾਂ ਲਈ ਗੁਜ਼ਾਰਾ ਕਰਨਾ ਤਕਰੀਬਨ ਅਸੰਭਵ ਹੋ ਗਿਆ ਹੈ। ਕੌਮਾਂਤਰੀ ਮੁਦਰਾ ਕੋਸ਼ ਦੇ ਪਾਕਿਸਤਾਨ ਵਿਚਲੇ ਮਿਸ਼ਨ ਦੇ ਮੁਖੀ ਨਾਥਨ ਪੋਰਟਰ ਨੇ ਕਿਹਾ, ‘ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਆਈਐਮਐਫ ਟੀਮ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਨੌਂ ਮਹੀਨੇ ਦੇ ਸਟੈਂਡ-ਬਾਇ ਅਰੇਂਜਮੈਂਟ (ਐੱਸਬੀਏ) ਤਹਿਤ 225 ਕਰੋਡ਼ ਐੱਸਡੀਆਰ (ਤਕਰੀਬਨ 3 ਅਰਬ ਅਮਰੀਕੀ ਡਾਲਰ) ਦੀ ਰਾਸ਼ੀ ’ਤੇ ਕਰਮਚਾਰੀ ਪੱਧਰ ਦਾ ਸਮਝੌਤਾ ਕੀਤਾ ਹੈ।’ ਇਹ ਰਾਸ਼ੀ ਪਾਕਿਸਤਾਨ ਦੇ ਮੁਦਰਾ ਕੋਸ਼ ’ਚ ਕੋਟੇ ਦਾ 111 ਫੀਸਦ ਹੈ। ਇਹ ਸਮਝੌਤਾ ਪਾਕਿਸਤਾਨ ਦੇ 2019 ਦੇ ਈਐੱਫਐੱਫ ਪ੍ਰੋਗਰਾਮ ਤਹਿਤ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ’ਤੇ ਆਧਾਰਿਤ ਹੈ ਜੋ ਜੂਨ ’ਤੇ ਅਖੀਰ ਵਿੱਚ ਖਤਮ ਹੋ ਰਿਹਾ ਹੈ।